ਬੀਬੀਐਨ ਨੈਟਵਰਕ ਪੰਜਾਬ, ਪਟਿਆਲਾ ਬਿਊਰੋ, 18 ਮਾਰਚ
ਹਲਕਾ ਸਨੌਰ ਦੇ ਪਿੰਡ ਮਰਦਾਹੇੜੀ ਦੇ ਇੱਕ ਕਿਸਾਨ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਪ੍ਰਿਥੀ ਸਿੰਘ (53) ਪੁੱਤਰ ਗੁਰਦੇਵ ਸਿੰਘ ਵਾਸੀ ਮਰਦਾਂਹੇੜੀ ਵਜੋਂ ਹੋਈ ਹੈ। ਮ੍ਰਿਤਕ ਕਿਸਾਨ ਦੀ ਲਾਸ਼ 6 ਦਿਨਾਂ ਮਗਰੋਂ ਭਾਖੜਾ ਨਹਿਰ ਵਿਚੋਂ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਾਬਕਾ ਸਰਪੰਚ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਸਨੌਰ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਮਰਦਾਂਹੇੜੀ ਨੇ ਦੱਸਿਆ ਕਿ ਕਿਸਾਨ ਪ੍ਰਿਥੀ ਸਿੰਘ ਦੇ ਕੋਲ ਪੌਣੇ 2 ਕਿੱਲੇ ਜ਼ਮੀਨ ਸੀ ਤੇ ਕਈ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ। ਉਹ 9 ਮਾਰਚ ਸ਼ਾਮ ਨੂੰ ਬਿਨਾਂ ਦੱਸੋਂ ਘਰੋਂ ਚਲਾ ਗਿਆ ਸੀ, ਜਿਸ ਦੀ ਭਾਲ ਕਰਨ ’ਤੇ ਉਸ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚੋਂ ਖਨੌਰੀ ਪੁਲਾਂ ਕੋਲ ਤੋਂ ਮਿਲੀ ਹੈ। ਮਹਿੰਦਰ ਸਿੰਘ ਨੇ ਦੱਸਿਆ ਕਿ ਪ੍ਰਿਥੀ ਸਿੰਘ ਪਿਛਲੇ ਦਿਨੀਂ ਖਨੌਰੀ ਬਾਰਡਰ ’ਤੇ ਚੱਲ ਰਹੇ ਧਰਨੇ ’ਚ ਵੀ ਕਈ ਦਿਨ ਲਾ ਕੇ 7 ਮਾਰਚ ਨੂੰ ਘਰ ਆਇਆ ਸੀ ਅਤੇ ਉਸ ਨੂੰ ਆਸ ਸੀ ਕਿ ਸ਼ਾਇਦ ਧਰਨੇ ਨਾਲ ਕਰਜ਼ਾ ਮਾਫ਼ ਹੀ ਹੋ ਜਾਵੇ ਪਰ ਘਰ ਵਾਪਸ ਆ ਕੇ ਉਸ ਨੇ ਪਰੇਸ਼ਾਨੀ ਦੇ ਆਲਮ ’ਚ ਇਹ ਕਦਮ ਚੁੱਕ ਲਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਪ੍ਰਿਥੀ ਸਿੰਘ ਦੇ ਪਰਿਵਾਰ ਨੂੰ ਆਰਥਿਕ ਮਦਦ ਕੀਤੀ ਜਾਵੇ ਤੇ ਉਸ ਦਾ ਕਰਜ਼ਾ ਮਾਫ਼ ਕੀਤਾ ਜਾਵੇ।