ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 18 ਮਾਰਚ
ਪੁਰਾਣੀ ਪਾਰਟਨਰ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਔਰਤ ਨੇ ਉਸ ਦੀ ਕੰਪਨੀ ਦੇ ਜੀਐੱਸਟੀ ਦੇ ਦਸਤਾਵੇਜ਼ਾਂ ਦੀ ਦੁਰਵਰਤੋਂ ਕੀਤੀ। ਇਸ ਮਾਮਲੇ ’ਚ ਥਾਣਾ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਪ੍ਰਕਾਸ਼ ਨਗਰ ਮਾਡਲ ਟਾਊਨ ਜਲੰਧਰ ਦੀ ਰਹਿਣ ਵਾਲੀ ਭਾਵਨਾ ਢੰਡ ਦੀ ਸ਼ਿਕਾਇਤ ’ਤੇ ਸਰਾਭਾ ਨਗਰ ਦੀ ਰਹਿਣ ਵਾਲੀ ਪ੍ਰਿਅੰਕਾ ਸੋਹਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਭਾਵਨਾ ਢੰਡ ਨੇ ਦੱਸਿਆ ਕਿ ਜੀਐੱਸਟੀ ਵਿਭਾਗ ਦੇ ਰਿਕਾਰਡ ਮੁਤਾਬਕ ਉਸ ਦੇ ਜੀਐੱਸਟੀ ਅਕਾਊਂਟ ਨੂੰ ਅਕਾਊਂਟ ਹੋਲਡਰ ਅਤੇ ਜੀਐੱਸਟੀ ਵਿਭਾਗ ਦੇ ਅਫਸਰਾਂ ਤੋਂ ਇਲਾਵਾ ਕੋਈ ਵੀ ਹੋਰ ਵਿਅਕਤੀ ਨਾ ਤਾਂ ਦੇਖ ਸਕਦਾ ਹੈ ਅਤੇ ਨਾ ਹੀ ਡਾਊਨਲੋਡ ਕਰ ਸਕਦਾ ਹੈ। ਪ੍ਰਿਅੰਕਾ ਸੋਹਰ ਨੇ ਭਾਵਨਾ ਢੰਡ ਦੀ ਫਰਮ ਦੀਆਂ ਜੀਐੱਸਟੀ ਰਿਟਰਨਾਂ ਅਤੇ ਜੀਐੱਸਟੀ 3ਬੀ ਨੂੰ ਕਰੋਪ ਕਰ ਕੇ ਫਰਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ ਪੰਜ ਦੇ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮਹਿਲਾ ਮੁਲਜ਼ਮ ਨੇ ਭਾਵਨਾ ਦੇ ਲੜਕੇ ਅਜੇ ਢੰਡ ਨੂੰ ਵਿਤੀ ਨੁਕਸਾਨ ਪਹੁੰਚਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।