ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 18 ਮਾਰਚ
ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਰਾਹਗੀਰ ਕੋਲੋਂ ਉਸ ਦੀ ਆਈ20 ਕਾਰ ਲੁੱਟ ਲਈ l ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਬੜੀ ਆਸਾਨੀ ਨਾਲ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ ਦੇ ਰਹਿਣ ਵਾਲੇ ਅਕਲੇਸ਼ ਕੁਮਾਰ ਦੀ ਸ਼ਿਕਾਇਤ 'ਤੇ ਤਿੰਨ ਅਣਪਛਾਤੇ ਬਦਮਾਸ਼ਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਕਲੇਸ਼ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਰਾਤ 10:30 ਵਜੇ ਦੇ ਕਰੀਬ ਉਹ ਆਪਣੀ ਆਈ20 ਕਾਰ ਵਿੱਚ ਸਵਾਰ ਹੋ ਕੇ ਦੋਸਤ ਕੁਲਦੀਪ ਗੁਪਤਾ ਦੇ ਮੈਡੀਕਲ ਸਟੋਰ ਧਾਂਦਰਾ ਰੋਡ 'ਤੇ ਜਾ ਰਿਹਾ ਸੀl ਜਿਵੇਂ ਹੀ ਉਹ ਸਰਪੰਚ ਕਾਲੋਨੀ ਲਾਗੇ ਪਹੁੰਚਿਆ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ l ਕਾਰ ਰੋਕ ਕੇ ਮੁਲਜ਼ਮਾਂ ਨੇ ਦਾਤ ਮਾਰਨ ਦੀ ਧਮਕੀ ਦਿੱਤੀ ਤੇ ਉਸ ਨੂੰ ਬਾਹਰ ਕੱਢ ਕੇ ਕਾਰ ਲੁੱਟ ਕੇ ਫਰਾਰ ਹੋ ਗਏl ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਦੁਗਰੀ ਵਾਲੀ ਪਾਸੇ ਚਲੇ ਗਏ l ਅਕਲੇਸ਼ ਕੁਮਾਰ ਨੇ ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ l ਪੁਲਿਸ ਦਾ ਕਹਿਣਾ ਹੈ ਕਿ ਅਕਲੇਸ਼ ਕੁਮਾਰ ਦੀ ਸ਼ਿਕਾਇਤ 'ਤੇ ਤਿੰਨ ਅਣਪਛਾਤੇ ਬਦਮਾਸ਼ਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ 'ਚ ਜੁੱਟ ਗਈ ਹੈ। ਇਸ ਹਫਤੇ ਕਾਰ ਲੁੱਟਣ ਦੀ ਇਹ ਦੂਸਰੀ ਵਾਰਦਾਤ ਹੈ l ਇਸ ਤੋਂ ਪਹਿਲੋਂ ਬਦਮਾਸ਼ਾਂ ਨੇ ਮਿੱਢਾ ਚੌਕ ਲਾਗੇ ਰਾਤ ਸਮੇਂ ਕਾਰ ਲੁੱਟੀ ਸੀ l ਬਦਮਾਸ਼ਾਂ ਨੇ ਕਾਰ ਸਵਾਰ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਲਾਗੇ ਹੀ ਮੈਡੀਕਲ ਸਟੋਰ ਤੋਂ ਦਵਾਈ ਖਰੀਦ ਰਿਹਾ ਔਰਤ ਦਾ ਪਤੀ ਉਸ ਨੂੰ ਕਾਰ ਦੇ ਅੰਦਰੋਂ ਕੱਢਣ 'ਚ ਸਫਲ ਹੋ ਗਿਆl