ਬੀਬੀਐਨ ਨੈਟਵਰਕ ਪੰਜਾਬ, ਮਾਨਸਾ ਬਿਊਰੋ, 18 ਮਾਰਚ
ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਰਹਿ ਰਹੇ 19 ਸਾਲਾ ਲੜਕੀ ਤੇ 45 ਸਾਲਾ ਵਿਅਕਤੀ ਨੂੰ ਸਾਜ਼ਿਸ਼ ਰੱਚ ਕੇ ਖੇਤ ‘ਚ ਬੁਲਾ ਕੇ ਲੜਕੀ ਦੇ ਪਿਤਾ ਤੇ ਲੜਕੇ ਦੇ ਪੁੱਤਰ ਨੇ ਤਿੰਨ ਹੋਰਨਾਂ ਨਾਲ ਮਿਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਕਥਿਤ ਮੁਲਜ਼ਮ ਲਾਸ਼ਾਂ ਟਿਕਾਣੇ ਲਾਉਣ ਲਈ ਬੋਰੇ 'ਚ ਪਾ ਕੇ ਲੈ ਗਏ। ਇਸ ਮਾਮਲੇ 'ਚ ਥਾਣਾ ਬੋਹਾ ਦੀ ਪੁਲਿਸ ਨੇ ਮ੍ਰਿਤਕਾ ਲੜਕੀ ਦੇ ਪਿਤਾ ਤੇ ਮ੍ਰਿਤਕ ਲੜਕੇ ਦੇ ਪੁੱਤਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਕਥਿਤ ਮੁਲਜ਼ਮਾਂ ਦੀ ਭਾਲ ਪੁਲਿਸ ਕਰ ਰਹੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਦੱਈ ਜਗਸੀਰ ਸਿੰਘ ਕੌਂਸਲਰ ਵਾਸੀ ਵਾਰਡ ਨੰਬਰ. 13 ਬੋਹਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿਛਲੇ ਪਹਿਰ ਘਬਰਾਏ ਹੋਏ ਸੁਖਪਾਲ ਸਿੰਘ ਪੁੱਤਰ ਸੁਰਜਣ ਸਿੰਘ ਨੇ ਮੁਦੱਈ ਨੂੰ ਕੌਂਸਲਰ ਹੋਣ ਕਰਕੇ ਦੱਸਿਆ ਕਿ ਉਸ ਦੇ ਗੁਆਂਢੀ ਗੁਰਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 45 ਸਾਲ ਹੈ ਤੇ ਉਸ ਦੀ ਲੜਕੀ ਗੁਰਪ੍ਰੀਤ ਕੌਰ ਜਿਸ ਦੀ ਉਮਰ 19 ਸਾਲ ਹੈ, ਨਾਲ ਨਜਾਇਜ਼ ਸਬੰਧ ਹੋਣ ਕਰਕੇ ਕਿਤੇ ਬਾਹਰ ਰਹਿਣ ਲੱਗ ਪਿਆ ਸੀ। ਇਸ ਗੱਲ ਦੀ ਬਦਨਾਮੀ ਮੰਨ ਕੇ ਸੁਖਪਾਲ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਲੜਕੇ ਅਨਮੋਲਜੀਤ ਸਿੰਘ ਨੇ ਗੁਰਬਿੰਦਰ ਸਿੰਘ ਉਰਫ਼ ਘੁੱਦਾ, ਸਹਿਜਪ੍ਰੀਤ ਸਿੰਘ ਵਾਸੀ ਬੋਹਾ ਤੇ ਇਕ ਨਾਮਾਲੂਮ ਵਿਅਕਤੀ ਨਾਲ ਮਿਲ ਕੇ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਸਾਜ਼ਿਸ਼ ਘੜ ਲਈ। ਗੁਰਪ੍ਰੀਤ ਸਿੰਘ ਉਸ ਦੀ ਲੜਕੀ ਨੂੰ ਲੈ ਕੇ ਬੋਹਾ ਵਿਖੇ ਆਇਆ ਸੀ ਜਿਸ ਤਹਿਤ ਉਕਤ ਸਾਰੇ ਮੁਲਜ਼ਮਾਂ ਨੇ ਉਨ੍ਹਾਂ ਦੋਹਾਂ ਦੀਆਂ ਲਾਸ਼ਾਂ ਨੂੰ ਬੋਰੇ 'ਚ ਪਾ ਕੇ ਚਿੱਟੇ ਰੰਗ ਦੀ ਗੱਡੀ ਵਿੱਚ ਪਾ ਲਿਆ ਤੇ ਟਿਕਾਣੇ ਲਾਉਣ ਲਈ ਲੈ ਗਏ।