ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 18 ਮਾਰਚ
23 ਮਾਰਚ ਨੂੰ ਸ਼ਹੀਦ-ਏ-ਆਜਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਨ ਤੇ ਕੀਤੇ ਜਾਣਗੇ ਵੱਡੇ ਇਕੱਠ-ਹਰਨੇਕ ਸਿੰਘ ਮਹਿਮਾ ਬਰਨਾਲਾ 18 ਮਾਰਚ - ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਡੱਬਵਾਲੀ ਬਾਰਡਰ ਅਤੇ ਬੁਢਲਾਡਾ ਪੱਕਾ ਮੋਰਚਾ ਵਿਖੇ ਵੱਡੇ ਇਕੱਠ ਕਰ ਕੇ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪੱਧਰ ਤੇ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਉਹਨਾਂ ਕਿਹਾ ਕਿ ਸ਼ਹੀਦਾਂ ਵੱਲੋਂ ਲਾਇਆ 'ਇਨਕਲਾਬ- ਜਿੰਦਾਬਾਦ' ਅਤੇ 'ਸਾਮਰਾਜਵਾਦ- ਮੁਰਦਾਬਾਦ' ਦਾ ਨਾਹਰਾ ਅੱਜ ਵੀ ਉਸ ਸਮੇਂ ਜਿੰਨੀ ਹੀ ਮਹੱਤਤਾ ਰੱਖਦਾ ਹੈ। ਸਾਮਰਾਜ ਅਤੇ ਭਾਰਤੀ ਦਲਾਲ ਹਾਕਮ ਜਮਾਤਾਂ, ਸੰਸਾਰ ਵਪਾਰ ਸੰਸਥਾ ਅਤੇ ਹੋਰ ਸਾਮਰਾਜੀ ਸੰਸਥਾਵਾਂ ਰਾਹੀਂ ਭਾਰਤ ਦੇ ਖੇਤੀ/ਪੇਂਡੂ ਖੇਤਰ ਨੂੰ ਸਾਮਰਾਜੀ ਬਹੁ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਇਸ ਲਈ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਕਿਰਤੀ ਲੋਕਾਂ ਨੂੰ ਆਪਣੇ ਘੋਲ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਖ਼ਿਲਾਫ਼ ਸੇਧਤ ਕਰਨ ਦੀ ਲੋੜ ਹੈ ਤਾਂ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਵਿਚਾਰ ਭਾਰਤ ਦੀ ਕਿਸਾਨੀ ਲਹਿਰ ਵਾਸਤੇ ਚਾਨਣ ਮੁਨਾਰਾ ਹਨ। ਮੀਟਿੰਗ ਵਿੱਚ 14 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਖੇ ਹੋਈ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਅਤੇ ਅੱਠ ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਤੇ ਪੰਜਾਬ ਵਿੱਚ ਚਾਰ ਥਾਵਾਂ ਤੇ ਕੀਤੇ ਗਏ ਇਕੱਠਾਂ ਵਿੱਚ ਜਥੇਬੰਦੀ ਦੀ ਸ਼ਮੂਲੀਅਤ ਤੇ ਤਸੱਲੀ ਪ੍ਰਗਟ ਕੀਤੀ ਗਈ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਨੌਕਰੀਆਂ ਦੇ ਪੱਤਰ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਸ਼ਹੀਦ ਕਿਸਾਨ ਪਰਿਵਾਰਾਂ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਲਾਏ ਗਏ ਪੱਕੇ ਮੋਰਚੇ ਵਿੱਚ ਭਾਕਿਯੂ ਏਕਤਾ (ਡਕੌਂਦਾ) ਜ਼ਿਲ੍ਹਾ ਮੁਕਤਸਰ ਸਾਹਿਬ ਵੱਲੋਂ ਪਾਏ ਗਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਗਈ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਡੱਬਵਾਲੀ ਬਾਰਡਰ ਤੇ ਲੱਗਿਆ ਮੋਰਚਾ 27ਵੇਂ ਦਿਨ ਵੀ ਪੂਰੇ ਉਤਸ਼ਾਹ ਨਾਲ ਜਾਰੀ ਹੈ। 23 ਮਾਰਚ ਨੂੰ ਮੋਰਚੇ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਦੱਸਿਆ ਕਿ ਡੀਐਸਪੀ ਬੁਡਲਾਢਾ ਦੇ ਦਫਤਰ ਅੱਗੇ ਚੱਲ ਰਿਹਾ ਪੱਕਾ ਮੋਰਚਾ ਛੇ ਜਨਵਰੀ ਤੋਂ ਅੱਜ ਤੱਕ ਨਿਰਵਿਘਨ ਜਾਰੀ ਹੈ। ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਬੁੱਧ ਰਾਮ, ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਅਨੇਕਾਂ ਸ਼ਾਂਤਮਈ ਜਥੇਬੰਦਕ ਐਕਸ਼ਨ ਕੀਤੇ ਜਾ ਚੁੱਕੇ ਹਨ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁੱਲਰੀਆਂ ਜ਼ਮੀਨੀ ਘੋਲ ਬਾਰੇ ਮਾਨਸਾ ਪ੍ਰਸ਼ਾਸਨ ਵੱਲੋਂ ਕੀਤੀ ਵਾਅਦਾ ਖਿਲਾਫੀ ਵਿਰੁੱਧ ਦੋ ਅਪ੍ਰੈਲ ਨੂੰ ਮਾਨਸਾ ਜ਼ਿਲ੍ਹੇ ਦੇ ਐਸ ਐਸ ਪੀ ਅਤੇ ਡਿਪਟੀ ਕਮਿਸ਼ਨਰ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮਾਂ ਨੂੰ ਵੱਧ ਚੜ੍ਹ ਕੇ ਲਾਗੂ ਕੀਤਾ ਜਾਵੇਗਾ ਮੀਟਿੰਗ ਵਿੱਚ ਸੂਬਾ ਖ਼ਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਮੁਹਾਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਬੀਬੀ ਅੰਮ੍ਰਿਤਪਾਲ ਕੌਰ ਤੋਂ ਇਲਾਵਾ ਜੰਗੀਰ ਸਿੰਘ ਫਿਰੋਜ਼ਪੁਰ, ਹਰਮੀਤ ਸਿੰਘ ਫਾਜ਼ਿਲਕਾ, ਬਲਵਿੰਦਰ ਸਿੰਘ ਜੇਠੂਕੇ, ਹਰਵਿੰਦਰ ਸਿੰਘ ਕੋਟਲੀ, ਗੁਰਦੀਪ ਸਿੰਘ ਖੁੱਡੀਆਂ, ਸਾਹਿਬ ਸਿੰਘ ਬਡਬਰ, ਕਾਲ਼ਾ ਜੈਦ ਭਦੌੜ, ਕਰਮਜੀਤ ਸਿੰਘ ਸੰਗਰੂਰ, ਸੁਖਦੇਵ ਸਿੰਘ ਘਰਾਚੋਂ, ਪ੍ਰਦੀਪ ਮੁਹਾਲੀ, ਬਲਵਿੰਦਰ ਸ਼ਰਮਾ, ਦੇਵੀ ਰਾਮ ਰੰਘੜਿਆਲ, ਜਸਪ੍ਰੀਤ ਸਿੰਘ ਕੁਹਾਰਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਜਗਤਾਰ ਸਿੰਘ ਦੁੱਗਾਂ ਅਤੇ ਪਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ। ਜਾਰੀ ਕਰਤਾ : ਅੰਗਰੇਜ਼ ਸਿੰਘ ਮੁਹਾਲੀ ਸੂਬਾ ਪ੍ਰੈੱਸ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ।