ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 18 ਮਾਰਚ
ਕਪੂਰਥਲਾ ਦੇ ਸਰਕੂਲਰ ਰੋਡ 'ਤੇ ਸਥਿਤ ਗੈਸਟ ਹਾਊਸ 'ਚ ਸੋਮਵਾਰ ਦੁਪਹਿਰ ਇਕ ਗਰਭਵਤੀ ਔਰਤ ਨੇ ਆਪਣੇ ਪਤੀ ਨੂੰ ਦੂਜੀ ਔਰਤ ਨਾਲ ਮਸਤੀ ਕਰਦੇ ਰੰਗੇ ਹੱਥੀਂ ਫੜ ਕੇ ਹੰਗਾਮਾ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਦੀ ਮੌਜੂਦਗੀ 'ਚ ਪਤੀ ਤੇ ਦੂਜੀ ਔਰਤ ਵਲੋਂ ਲਿਖਤੀ ਰੂਪ 'ਚ ਮਾਫ਼ੀ ਮੰਗਣ 'ਤੇ ਔਰਤ ਨੇ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਲਈ ਲਿਖਿਆ ਹੈ। ਜਾਣਕਾਰੀ ਅਨੁਸਾਰ ਜਲੰਧਰ ਦੀ ਰਹਿਣ ਵਾਲੀ ਗਰਭਵਤੀ ਔਰਤ ਅੱਜ ਦੁਪਹਿਰ ਆਪਣੇ ਛੋਟੇ ਬੱਚੇ ਨੂੰ ਲੈ ਕੇ ਸਰਕੂਲਰ ਰੋਡ 'ਤੇ ਸਥਿਤ ਪੀਐੱਮ ਗੈਸਟ ਹਾਊਸ ਪਹੁੰਚੀ। ਉੱਥੇ ਆਪਣੇ ਪਤੀ ਦੀ ਬਾਈਕ ਪਛਾਣ ਕੇ ਗੈਸਟ ਹਾਊਸ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨ ਲੱਗੀ। ਜਦੋਂ ਗੈਸਟ ਹਾਊਸ ਦੇ ਸਟਾਫ਼ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ ਤਾਂ ਮੌਕੇ ’ਤੇ ਪੁਲਿਸ ਨੂੰ ਬੁਲਾਉਣਾ ਪਿਆ। ਪੁਲਿਸ ਟੀਮ ਦੀ ਮੌਜੂਦਗੀ 'ਚ ਔਰਤ ਦੇ ਪਤੀ ਤੇ ਇਕ ਹੋਰ ਔਰਤ ਨੂੰ ਗੈਸਟ ਹਾਊਸ ਦੇ ਕਮਰੇ 'ਚੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸੇ ਮਾਮਲੇ 'ਚ ਦੋ ਪਰਿਵਾਰਾਂ ਦੇ ਟੁੱਟਣ ਅਤੇ ਬਦਨਾਮੀ ਦੇ ਡਰੋਂ ਪਤੀ ਨਾਲ ਆਈ ਦੂਜੀ ਔਰਤ ਨੇ ਲਿਖਤੀ ਰੂਪ 'ਚ ਮਾਫ਼ੀ ਮੰਗ ਲਈ ਜਿਸ ਤੋਂ ਬਾਅਦ ਗੈਸਟ ਹਾਊਸ ਪਹੁੰਚੀ ਗਰਭਵਤੀ ਔਰਤ ਨੇ ਪੁਲਿਸ ਨੂੰ ਕੋਈ ਕਾਰਵਾਈ ਨਾ ਕਰਨ ਦਾ ਲਿਖਤੀ ਬਿਆਨ ਦਿੱਤਾ। ਉਧਰ, ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਥਾਂ ਇਹ ਕੰਮ ਚੱਲ ਰਿਹਾ ਹੈ, ਉਸ ਗੈਸਟ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ।