ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 19 ਮਾਰਚ
ਲੰਬੇ ਸਮੇਂ ਬਾਅਦ ਨਵਜੋਤ ਸਿੱਧੂ ਇਕ ਵਾਰ ਫਿਰ ਕ੍ਰਿਕਟ ਕੁਮੈਂਟੇਟਰ ਵਜੋਂ ਆਪਣੀ ਪਾਰੀ ਸ਼ੁਰੂ ਕਰ ਰਹੇ ਹਨ। ਭਾਵ ਉਹ ਇੰਡੀਅਨ ਪੌਲੀਟਿਕਲ ਲੀਗ ਤੋਂ ਦੂਰ ਰਹਿਣਗੇ ਤੇ ਇੰਡੀਅਨ ਪ੍ਰੀਮੀਅਰ ਲੀਗ 'ਚ ਕੰਮ ਕਰਨਗੇ। ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਉਹ ਪਾਰਟੀ ਦੀ ਸਰਗਰਮ ਰਾਜਨੀਤੀ ਤੋਂ ਦੂਰ ਹਨ ਤੇ ਸੂਬਾਈ ਲੀਡਰਸ਼ਿਪ ਨਾਲ ਉਨ੍ਹਾਂ ਦੀ ਪਟ ਨਹੀਂ ਰਹੀ ਹੈ। ਸਟਾਰ ਸਪੋਰਟਸ ਨੇ ਆਪਣੇ ਇੰਟਰਨੈੱਟ ਅਕਾਊਂਟ 'ਤੇ ਇਕ ਪੋਸਟ ਪਾਈ ਹੈ ਜਿਸ 'ਚ ਲਿਖਿਆ ਹੈ, ਸਰਦਾਰ ਆਫ ਕਮੈਂਟਰੀ ਬਾਕਸ ਇਜ਼ਤ ਬੈਕ। ਇਹ ਸਪੱਸ਼ਟ ਹੈ ਕਿ ਉਨ੍ਹਾਂ ਦੇ ਆਈਪੀਐੱਲ 'ਚ ਕੁਮੈਂਟਰੀ ਕਰਨ ਨਾਲ ਉਹ ਸਰਗਰਮ ਸਿਆਸਤ 'ਚ ਉਸ ਸਮੇਂ ਦੂਰ ਰਹਿਣਗੇ ਜਦੋਂ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੋਵੇਗੀ। ਕਿਉਂਕਿ ਸੰਸਦੀ ਚੋਣ ਅਤੇ ਆਈਪੀਐੱਲ ਦਾ ਸਮਾਂ ਇੱਕ ਹੈ ਇਸ ਲਈ ਉਨ੍ਹਾਂ ਦੇ ਕੁਮੈਂਟਰੀ 'ਚ ਰੁੱਝੇ ਹੋਣ ਕਾਰਨ ਉਹ ਚੋਣ ਪ੍ਰਚਾਰ 'ਚ ਹਿੱਸਾ ਨਹੀਂ ਲੈ ਸਕਣਗੇ। ਕਾਂਗਰਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਉਨ੍ਹਾਂ ਨੂੰ ਪਟਿਆਲਾ ਸੰਸਦੀ ਸੀਟ ਤੋਂ ਚੋਣ ਮੈਦਾਨ 'ਚ ਉਤਾਰਨਾ ਚਾਹੁੰਦੀ ਸੀ ਤੇ ਪਾਰਟੀ ਹਾਈਕਮਾਂਡ 'ਤੇ ਉਨ੍ਹਾਂ ਨੂੰ ਪਰਨੀਤ ਕੌਰ ਦੀ ਥਾਂ ਪਟਿਆਲਾ ਤੋਂ ਚੋਣ ਮੈਦਾਨ 'ਚ ਉਤਾਰਨ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਲੰਮੇ ਸਮੇਂ ਤੋਂ ਕਾਂਗਰਸ ਦੀ ਸੰਸਦ ਮੈਂਬਰ ਰਹੀ ਪਰਨੀਤ ਕੌਰ ਪਿਛਲੇ ਹਫ਼ਤੇ ਭਾਜਪਾ 'ਚ ਸ਼ਾਮਲ ਹੋ ਗਏ ਹਨ ਤੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਉਹ ਇੱਥੋਂ ਭਾਜਪਾ ਦੀ ਟਿਕਟ ’ਤੇ ਚੋਣ ਲੜਨਗੇ।ਹੁਣ ਜਿਸ ਤਰ੍ਹਾਂ ਉਨ੍ਹਾਂ ਨੇ ਆਈਪੀਐੱਲ 'ਚ ਕੁਮੈਂਟਰੀ ਕਰਨ ਦਾ ਫ਼ੈਸਲਾ ਕੀਤਾ ਹੈ, ਉਸ ਤੋਂ ਸਾਫ਼ ਹੈ ਕਿ ਉਹ ਆਪਣੀ ਪਾਰਟੀ ਲਈ ਪ੍ਰਚਾਰ ਨਹੀਂ ਕਰ ਸਕਣਗੇ ਕਿਉਂਕਿ ਸੰਸਦੀ ਚੋਣਾਂ ਤੇ ਆਈਪੀਐੱਲ ਇੱਕੋ ਸਮੇਂ ਚੱਲਣਗੇ। ਹਾਲਾਂਕਿ, IPL ਦੇ ਪਹਿਲੇ ਪੜਾਅ ਦਾ ਸਿਰਫ ਸ਼ਡਿਊਲ ਹੀ ਜਾਰੀ ਕੀਤਾ ਗਿਆ ਹੈ। ਬਾਕੀ ਪ੍ਰੋਗਰਾਮ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।