ਬੀਬੀਐਨ ਨੈਟਵਰਕ ਪੰਜਾਬ, ਫ਼ਿਰੋਜ਼ਪੁਰ ਬਿਊਰੋ, 19 ਮਾਰਚ
ਫ਼ਿਰੋਜ਼ਪੁਰ ਡਿਵੀਜ਼ਨ ਦੀ ਟਿਕਟ ਚੈਕਿੰਗ ਟੀਮ ਦੁਆਰਾ ਰੇਲਗੱਡੀਆਂ ਵਿੱਚ ਲਗਾਤਾਰ ਟਿਕਟ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਸਾਰੇ ਅਸਲ ਰੇਲ ਉਪਭੋਗਤਾਵਾਂ ਨੂੰ ਆਰਾਮਦਾਇਕ ਯਾਤਰਾ ਅਤੇ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬਿਨਾਂ ਟਿਕਟ ਅਤੇ ਗੈਰ ਕਾਨੂੰਨੀ ਯਾਤਰਾ ਨੂੰ ਰੋਕਿਆ ਜਾ ਸਕੇ। ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਅਤੇ ਮੁੱਖ ਟਿਕਟ ਇੰਸਪੈਕਟਰਾਂ ਵੱਲੋਂ ਫਰਵਰੀ 2024 ਦੌਰਾਨ ਰੇਲਗੱਡੀਆਂ ਵਿੱਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 25,928 ਯਾਤਰੀ ਬਿਨਾਂ ਟਿਕਟ ਜਾਂ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 2.56 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ। ਫਰਵਰੀ ਮਹੀਨੇ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਨੂੰ ਟਿਕਟ ਚੈਕਿੰਗ ਰਾਹੀਂ ਮਾਲੀਆ ਕਮਾਉਣ ਲਈ ਮੁੱਖ ਦਫ਼ਤਰ ਵੱਲੋਂ 2.50 ਕਰੋੜ ਰੁਪਏ ਦਾ ਟੀਚਾ ਦਿੱਤਾ ਗਿਆ ਸੀ ਪਰ ਡਿਵੀਜ਼ਨ ਦੇ ਟਿਕਟ ਚੈਕਿੰਗ ਅਮਲੇ ਨੇ ਮਿੱਥੇ ਟੀਚੇ ਨਾਲੋਂ ਤਿੰਨ ਫ਼ੀਸਦੀ ਵੱਧ ਮਾਲੀਆ ਕਮਾਇਆ। ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ’ਤੇ ਕੂੜਾ ਸੁੱਟਣ ਤੋਂ ਰੋਕਣ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ’ਤੇ ਨਿਯਮਤ ਤੌਰ ’ਤੇ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਫਰਵਰੀ ਮਹੀਨੇ ਦੌਰਾਨ 569 ਯਾਤਰੀਆਂ ਨੂੰ ਸਟੇਸ਼ਨ ਕੰਪਲੈਕਸ ਵਿੱਚ ਕੂੜਾ ਸੁੱਟਣ ਲਈ 81 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ। ਡਿਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਭਵਿੱਖ ਵਿੱਚ ਉਹ ਸਹੀ ਟਿਕਟਾਂ ਨਾਲ ਹੀ ਸਫ਼ਰ ਕਰ ਸਕਣ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ।