ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 19 ਮਾਰਚ
ਯੂਨੀਵਰਸਿਟੀ ਆਫ ਵਿਨੀਪੈਗ (ਕੈਨੇਡਾ) ’ਚ ਕਰੀਮੀਨਲ ਜਸਟਿਸ ਵਿਚ ਬੈਚਲਰ ਆਫ ਆਰਟਸ ਦੀ ਪੜ੍ਹਾਈ ਕਰ ਰਹੇ ਅਤੇ ਮਨੋਰੰਜਨ ਤੇ ਅਥਲੈਟਿਕਸ ਦੇ ਡਾਇਰੈਕਟਰ ਲਹਿਰਾਗਾਗਾ ਦੇ ਗੁਰਦਰਸ਼ਨ ਸਿੰਘ (ਮੱਖਣ) ਅਤੇ ਪਰਮਿੰਦਰ ਕੌਰ ਦੇ ਪੁੱਤਰ ਜਸ਼ਨਪ੍ਰੀਤ ਸਿੰਘ (ਭਰੀ) ਨੇ ਯੂਨੀਵਰਸਿਟੀ ਵਿਖੇ ਹੋਈਆਂ ਯੂਨੀਵਰਸਿਟੀ ਆਫ ਵਿਨੀਪੈਗ ਸਟੂਡੈਂਟਸ ਐਸੋਸੀਏਸ਼ਨ (ਯੂਵਸਾ) ਦੀਆਂ ਚੋਣਾਂ ਵਿਚ ਆਪਣੇ ਵਿਰੋਧੀਆਂ ਨੂੰ ਹਰਾ ਕੇ ਪ੍ਰਧਾਨਗੀ ਦੀ ਚੋਣ ਜਿੱਤ ਕੇ ਪੰਜਾਬ ਅਤੇ ਲਹਿਰਾ ਹਲਕੇ ਦਾ ਨਾਂ ਰੋਸ਼ਨ ਕੀਤਾ ਹੈ। ਜਸ਼ਨਪ੍ਰੀਤ ਦੀ ਜਿੱਤ ’ਤੇ ਸ਼ਹਿਰ ਤੇ ਇਲਾਕਾ ਵਾਸੀਆਂ ਨੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ। ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਪ੍ਰਧਾਨ ਦੀ ਚੋਣ ਜਿੱਤਣ ਉਪਰੰਤ ਜਸ਼ਨਪ੍ਰੀਤ ਸਿੰਘ (ਭਰੀ) ਨੇ ਕਿਹਾ ਕਿ ਚੋਣਾਂ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਨਾਲ-ਨਾਲ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ ਪੂਰਨ ਸਹਿਯੋਗ ਮਿਲਿਆ ਹੈ ਜਿਸ ਦੇ ਚੱਲਦਿਆਂ ਉਹ ਆਪਣੇ ਚਾਰ ਵਿਰੋਧੀਆਂ ਨੂੰ ਪਛਾੜਦੇ ਹੋਏ 32.2 ਫੀਸਦੀ ਵੋਟਾਂ ਹਾਸਲ ਕਰ ਕੇ ਪ੍ਰਧਾਨ ਦੀ ਚੋਣ ਜਿੱਤਣ ਵਿਚ ਸਫਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਬਤੌਰ ਪ੍ਰਧਾਨ ਵਿਦਿਆਰਥੀਆਂ ਦੇ ਭਵਿੱਖ ਅਤੇ ਹਿੱਤਾਂ ਦੀ ਰਾਖੀ ਲਈ ਜੋ ਵੀ ਸੰਭਵ ਹੋਇਆ, ਕਰਨਗੇ। ਸਮੁੱਚੇ ਪੰਜਾਬ ਖ਼ਾਸ ਕਰ ਕੇ ਲਹਿਰਾ ਇਲਾਕੇ ਦੇ ਕੈਨੇਡਾ ਆ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਦੂਜੇ ਪਾਸੇ ਸਾਬਕਾ ਕੌਂਸਲਰ ਗੁਰਲਾਲ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਤੋੜੂ ਅਤੇ ਸਮਾਜ ਸੇਵੀ ਰਿੰਕੂ ਖਰੌੜ ਨੇ ਜਸ਼ਨਪ੍ਰੀਤ ਸਿੰਘ ਦੇ ਮਾਤਾ-ਪਿਤਾ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੈਨੇਡਾ ਵਿਖੇ ਵਿਦਿਆਰਥੀ ਚੋਣਾਂ ਵਿਚ ਜਿੱਤ ਪ੍ਰਾਪਤ ਕਰ ਕੇ ਜਸ਼ਨਪ੍ਰੀਤ ਨੌਜਵਾਨਾਂ ਲਈ ਪੇ੍ਰਰਨਾ ਸਰੋਤ ਬਣਿਆ ਹੈ। ਉਨ੍ਹਾਂ ਵਿਦੇਸ਼ ਵਿਚ ਪੜ੍ਹ ਰਹੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਜਸ਼ਨਪ੍ਰੀਤ ਤੋਂ ਪੇ੍ਰਰਨਾ ਲੈਂਦੇ ਹੋਏ ਪੰਜਾਬ, ਆਪਣੇ-ਆਪਣੇ ਸ਼ਹਿਰ ਅਤੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨ।