ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 19 ਮਾਰਚ
ਇੰਗਲੈਂਡ ਪਹੁੰਚਣ 'ਤੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਦੀ ਸ਼ਰਤ 'ਤੇ ਲੜਕੀ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਆਈਲੈਟਸ ਕਰਵਾਈl ਐਨਾ ਹੀ ਨਹੀਂ ਉਨ੍ਹਾਂ ਨੇ ਲੜਕੀ ਦਾ ਵੀਜ਼ਾ ਵੀ ਮੰਗਵਾਇਆ ਤੇ ਲੱਖਾਂ ਰੁਪਏ ਦੇ ਬਾਕੀ ਸਾਰੇ ਖਰਚੇ ਕੀਤੇ, ਪਰ ਜਿਵੇਂ ਹੀ ਲੜਕੀ ਦਾ ਵੀਜ਼ਾ ਆਇਆ ਤਾਂ ਉਹ ਸਹੁਰੇ ਪਰਿਵਾਰ ਨੂੰ ਦੱਸੇ ਬਿਨਾਂ ਹੀ ਪੇਕੇ ਪਰਿਵਾਰ ਦੀ ਸਹਿਮਤੀ ਨਾਲ ਚੁੱਪ ਕਰ ਕੇ ਇੰਗਲੈਂਡ ਦੇ ਜਹਾਜ਼ 'ਤੇ ਬੈਠ ਗਈl ਵਿਦੇਸ਼ ਪਹੁੰਚਣ 'ਤੇ ਉਸਨੇ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਲੜਕੀ ਨੇ ਆਪਣੇ ਪਤੀ ਉੱਪਰ ਤਲਾਕ ਦਾ ਦਬਾਅ ਬਣਾਉਣਾ ਵੀ ਸ਼ੁਰੂ ਕਰ ਦਿੱਤਾ ਹੈ l ਇਸ ਸਾਰੇ ਮਾਮਲੇ 'ਚ ਥਾਣਾ ਲਾਡੋਵਾਲ ਦੀ ਪੁਲਿਸ ਨੇ ਪੜਤਾਲ ਤੋਂ ਬਾਅਦ ਪਿੰਡ ਚਾਹੜਾਂ ਦੇ ਵਾਸੀ ਸਰੂਪ ਸਿੰਘ ਦੀ ਸ਼ਿਕਾਇਤ 'ਤੇ ਨਿਊ ਮਾਡਲ ਕਲੋਨੀ ਜਗੀਰਪੁਰ ਦੀ ਰਹਿਣ ਵਾਲੀ ਕੁਲਵਿੰਦਰ ਕੌਰ, ਉਸਦੇ ਪਿਤਾ ਰਣਜੀਤ ਸਿੰਘ, ਭਰਾ ਦਵਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਦੇ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਰੂਪ ਸਿੰਘ ਨੇ ਦੱਸਿਆ ਕਿ ਸਾਲ 2022 'ਚ ਉਸਨੇ ਆਪਣੇ ਬੇਟੇ ਸੁਰਜੀਤ ਸਿੰਘ ਦਾ ਵਿਆਹ ਜਗੀਰਪੁਰ ਰੋਡ ਮਾਡਲ ਕਾਲੋਨੀ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨਾਲ ਕੀਤਾ ਸੀ। ਵਿਆਹ ਦੌਰਾਨ ਇਹ ਸ਼ਰਤ ਤੈਅ ਹੋਈ ਸੀ ਕਿ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਆਈਲੈਟਸ ਦੀ ਪੜ੍ਹਾਈ ਕਰਾਉਣ ਤੋਂ ਬਾਅਦ ਸਾਰਾ ਖਰਚਾ ਕਰ ਕੇ ਇੰਗਲੈਂਡ ਭੇਜੇਗਾ ਅਤੇ ਵਿਦੇਸ਼ ਪਹੁੰਚਣ 'ਤੇ ਉਹ ਆਪਣੇ ਪਤੀ ਨੂੰ ਉੱਥੇ ਬੁਲਾ ਲਵੇਗੀ। ਸਰੂਪ ਸਿੰਘ ਨੇ ਦੱਸਿਆ ਕਿ ਇਕ ਸਾਲ ਤਕ ਲੜਕੀ ਉਨ੍ਹਾਂ ਦੇ ਕੋਲ ਰਹੀ ਤੇ ਆਈਲੈਟਸ ਪੂਰੀ ਕੀਤੀ l ਪੜ੍ਹਾਈ ਪੂਰੀ ਹੋਣ ਤੋਂ ਬਾਅਦ ਲੜਕੀ ਦਾ ਵੀਜ਼ਾ ਵੀ ਆ ਗਿਆl ਵੀਜ਼ਾ ਲੈਣ ਲਈ ਉਹ ਆਪਣੇ ਪਤੀ ਤੇ ਸਹੁਰੇ ਨਾਲ ਗਈl ਸਰੂਪ ਸਿੰਘ ਨੇ ਦੱਸਿਆ ਕਿ ਵੀਜ਼ਾ ਆਉਣ ਦੇ ਕੁਝ ਦਿਨਾਂ ਬਾਅਦ ਹੀ ਲੜਕੀ ਉਨ੍ਹਾਂ ਨੂੰ ਬਿਨਾਂ ਦੱਸੇ ਹੀ ਇੰਗਲੈਂਡ ਦੇ ਜਹਾਜ਼ 'ਤੇ ਚੜ੍ਹ ਗਈ l ਵਿਦੇਸ਼ ਪਹੁੰਚਣ 'ਤੇ ਉਸ ਨੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ l ਜਦ ਕੁਲਵਿੰਦਰ ਕੌਰ ਨੇ ਸਹੁਰੇ ਪਰਿਵਾਰ ਦਾ ਫੋਨ ਨਾ ਚੁੱਕਿਆ ਤਾਂ ਉਸ ਦਾ ਪਤੀ ਸੁਰਜੀਤ ਸਿੰਘ 12 ਦਿਨਾਂ ਬਾਅਦ ਉਸ ਕੋਲ ਇੰਗਲੈਂਡ ਪਹੁੰਚਿਆl ਸਰੂਪ ਸਿੰਘ ਨੇ ਦੱਸਿਆ ਕਿ ਲੜਕੀ ਨੇ ਸੁਰਜੀਤ ਸਿੰਘ ਕੋਲੋਂ ਤਲਾਕ ਮੰਗਿਆ ਤੇ ਧਮਕੀਆਂ ਦਿੱਤੀਆਂl ਇਸ ਸਾਰੇ ਮਾਮਲੇ 'ਚ 17 ਜੂਨ 2023 ਨੂੰ ਸਰੂਪ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ l ਇਸ ਮਾਮਲੇ 'ਚ ਥਾਣਾ ਲਾਡੋਵਾਲ ਦੇ ਥਾਣੇਦਾਰ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਤਫਤੀਸ਼ ਤੋਂ ਬਾਅਦ ਕੁਲਵਿੰਦਰ ਕੌਰ, ਰਣਜੀਤ ਸਿੰਘ, ਦਵਿੰਦਰ ਸਿੰਘ ਤੇ ਪਲਵਿੰਦਰ ਸਿੰਘ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।