ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 19 ਮਾਰਚ
ਮਨੁੱਖ ਦੇ ਮਨ ਤੇ ਆਤਮਾ ਦੀ ਖੁਸ਼ੀ ਲਈ ਫੁੱਲਾਂ ਦੀ ਹੋਂਦ ਬੇਹੱਦ ਜ਼ਰੂਰੀ ਹੈ। ਫੁੱਲ ਆਪਣੇ ਵਿਭਿੰਨ ਰੰਗਾਂ ਨਾਲ ਸਾਡੇ ਚੌਗਿਰਦੇ ਨੂੰ ਹੀ ਨਹੀਂ ਬਲਕਿ ਸਾਡੇ ਮਨ ਨੂੰ ਵੀ ਮਹਿਕਾਉਂਦੇ ਹਨ। ਫੁੱਲਾਂ ਨੂੰ ਭੇਟ ਕਰਨ ਦਾ ਰੁਝਾਨ ਵੀ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਖ-ਵੱਖ ਫੁੱਲਾਂ ਰਾਹੀਂ ਜਿੱਥੇ ਖੂਬਸੂਰਤੀ ਵਿਚ ਵਾਧਾ ਕਰ ਰਿਹਾ ਹੈ, ਉੱਥੇ ਖੇਤੀ ਦੇ ਸਹਾਇਕ ਕਿੱਤਿਆਂ ਵਿਚ ਫੁੱਲਾਂ ਦੀ ਕਾਸ਼ਤ ਨੂੰ ਵੀ ਸਿਫ਼ਾਰਸ਼ ਕਰਦਾ ਹੈ। ਖੇਤੀ ਨੂੰ ਵਿਭਿੰਨਤਾ ਦੀਆਂ ਰਾਹਾਂ ’ਤੇ ਤੋਰਨ ਅਤੇ ਹੋਰ ਮੁਨਾਫ਼ੇਯੋਗ ਬਣਾਉਣ ਲਈ ਫੁੱਲਾਂ ਦੀ ਖੇਤੀ ਨੂੰ ਬਾਗਬਾਨੀ ਦਾ ਅਹਿਮ ਅੰਗ ਮੰਨਿਆ ਜਾਂਦਾ ਹੈ। ਪੀਏਯੂ ਦੀ ਖੂਬਸੂਰਤ ਲੈਂਡਸਕੇਪਿੰਗ ਜੋ ਕਿ ਵੰਨ-ਸੁਵੰਨੇ ਫੁੱਲਾਂ ਅਤੇ ਸਜਾਵਟੀ ਰੁੱਖਾਂ ਨਾਲ ਭਰੀ ਹੋਈ ਹੈ, ਦਾ ਸਮੁੱਚਾ ਸਿਹਰਾ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਦੂਰ ਦ੍ਰਿਸ਼ਟੀ ਨੂੰ ਜਾਂਦਾ ਹੈ ਜਿਨ੍ਹਾਂ ਕੁਦਰਤ ਦੀ ਅਨਮੋਲ ਦੇਣ ਨੂੰ ਨਾ ਸਿਰਫ ਆਪਣੀਆਂ ਕਿਤਾਬਾਂ ਦਾ ਵਿਸ਼ਾ ਬਣਾਇਆ, ਸਗੋਂ ਲੋੜੀਂਦੇ ਦਿਸ਼ਾ-ਨਿਰਦੇਸ਼ ਅਤੇ ਸੁਯੋਗ ਅਗਵਾਈ ਦੇ ਕੇ ਕੈਂਪਸ ਨੂੰ ਹਰਿਆ-ਭਰਿਆ ਬਣਾਉਣ ਵਿਚ ਉੱਘਾ ਯੋਗਦਾਨ ਪਾਇਆ। ਗੱਲ ਕਰਦੇ ਹਾਂ ਪੀਏਯੂ ਦੇ ਟਿਊਲਿਪ ਗਾਰਡਨ ਦੀ ਜਿਸ ਦਾ ਪੀਏਯੂ ਦੇ ਕਿਸਾਨ ਮੇਲੇ ਦੌਰਾਨ ਉਦਘਾਟਨ ਕੀਤਾ ਗਿਆ ਜੋ ਸਭ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ।ਡਾ. ਰਣਜੀਤ ਸਿੰਘ ਸਹਾਇਕ ਪ੍ਰੋਫੈਸਰ ਫਲੋਰੀ ਕਲਚਰ ਵਿਭਾਗ ਪੀਏਯੂ ਲੁਧਿਆਣਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟਿਊਲਿਪ ਵਿਦੇਸ਼ੀ ਫੁੱਲ ਹੈ ਜੋ ਹਾਲੈਂਡ ਵਿਚ ਜ਼ਿਆਦਾ ਉਗਾਇਆ ਜਾਂਦਾ ਹੈ। ਜ਼ਮੀਨ ਵਿਚ ਇਸ ਦਾ ਜੋ ਬੀਜ ਤਿਆਰ ਹੁੰਦਾ ਹੈ, ਨੂੰ ਬੱਲਬ ਜਾਂ ਗੰਢੇ ਆਖਦੇ ਹਨ। ਅਜਿਹੇ ਫੁੱਲ ਦੇਸ਼ ’ਚ ਰਾਸ਼ਟਰਪਤੀ ਭਵਨ ਅਤੇ ਕਸ਼ਮੀਰ ਵਿਚ ਲੱਗੇ ਹੋਏ ਹਨ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸੰਨ 2023 ਵਿਚ ਪਹਿਲੀ ਵਾਰ ਕਸ਼ਮੀਰ ’ਚ ਅਜਿਹਾ ਫੁੱਲ ਵੇਖਿਆ ਸੀ ਅਤੇ ਸੋਚਿਆ ਕਿ ਅਜਿਹਾ ਫੁੱਲ ਪੀਏਯੂ ਵਿਚ ਕਿਉਂ ਨਹੀਂ ਉਗਾਇਆ ਜਾ ਸਕਦਾ। ਬੱਸ ਉਹਨਾਂ ਦੀ ਦੂਰ-ਅੰਦੇਸ਼ੀ ਸੋਚ ਸਦਕਾ ਟਿਊਲਿਪ ਦੇ ਗੰਢੇ ਬੀਜੇ ਗਏ।