ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 20 ਮਾਰਚ
ਖਾਣਾ ਨਾ ਬਣਾਉਣ 'ਤੇ ਇਕ ਵਿਅਕਤੀ ਆਪਣੀ ਪਤਨੀ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਸ਼ਰਾਬੀ ਹਾਲਤ 'ਚ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈl ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਰਾਂਚੀ ਕਾਲੋਨੀ ਦੇ ਰਹਿਣ ਵਾਲੇ ਪ੍ਰਮੋਦ ਕੁਮਾਰ ਗੋਸਵਾਮੀ (25) ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਅਜੇ ਕੁਮਾਰ ਗੋਸਵਾਮੀ ਦੀ ਸ਼ਿਕਾਇਤ 'ਤੇ ਮ੍ਰਿਤਕ ਦੀ ਪਤਨੀ ਸੀਮਾ, ਰਾਂਚੀ ਕਾਲੋਨੀ ਦੇ ਹੀ ਰਹਿਣ ਵਾਲੇ ਉਸ ਦੇ ਸਾਲੇ ਰਾਜੂ ਪਾਸਵਾਨ ਤੇ ਸੱਸ ਚੰਦਾ ਕਲੀ ਖਿਲਾਫ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹੰਬੜਾ ਰੋਡ ਦੇ ਰਹਿਣ ਵਾਲੇ ਅਜੇ ਕੁਮਾਰ ਗੋਸਵਾਮੀ ਨੇ ਦੱਸਿਆ ਕਿ 7 ਸਾਲ ਪਹਿਲੋਂ ਉਸਦੇ ਭਰਾ ਪ੍ਰਮੋਦ ਕੁਮਾਰ ਦਾ ਵਿਆਹ ਉਸਦੇ ਗੁਆਂਢ ਵਿੱਚ ਹੀ ਰਹਿਣ ਵਾਲੀ ਸੀਮਾ ਪਾਸਵਾਨ ਨਾਲ ਹੋਇਆ ਸੀ। ਲਵ ਮੈਰਿਜ ਹੋਣ ਕਾਰਨ ਪ੍ਰਮੋਦ ਅਤੇ ਉਸਦੇ ਸਹੁਰੇ ਪਰਿਵਾਰ ਵਿੱਚ ਤਕਰਾਰ ਚਲਦਾ ਰਹਿੰਦਾ ਸੀ l ਉਹ ਅਕਸਰ ਪ੍ਰਮੋਦ ਨੂੰ ਤੰਗ ਕਰਦੇ ਰਹਿੰਦੇ ਸਨ। ਬੀਤੀ ਰਾਤ ਵੀ ਰਾਜੂ ਪਾਸਵਾਨ ਨੇ ਅਜੇ ਨੂੰ ਫੋਨ ਕਰ ਕੇ ਆਖਿਆ ਕਿ ਉਹ ਉਸਦੇ ਭਰਾ ਨੂੰ ਮਾਰ ਦੇਵੇਗਾ l ਸ਼ਰਾਬੀ ਹਾਲਤ ਵਿੱਚ ਪ੍ਰਮੋਦ ਕੁਮਾਰ ਨੇ ਦੇਰ ਰਾਤ ਨੂੰ ਆਪਣੀ ਪਤਨੀ ਸੀਮਾ ਪਾਸਵਾਨ ਨੂੰ ਖਾਣਾ ਬਣਾਉਣ ਲਈ ਆਖਿਆ l ਉਸਨੇ ਖਾਣਾ ਬਣਾਉਣ ਤੋਂ ਜਦ ਮਨ੍ਹਾ ਕੀਤਾ ਤਾਂ ਦੋਵਾਂ ਵਿਚਕਾਰ ਬਹਿਸ ਹੋ ਗਈ l ਨਸ਼ੇ ਦੀ ਹਾਲਤ ਵਿੱਚ ਪ੍ਰਮੋਦ ਕੁਮਾਰ ਕਮਰੇ ਦੇ ਅੰਦਰ ਗਿਆ ਅਤੇ ਉਸਨੇ ਪੱਖੇ ਨਾਲ ਫਾਹ ਲਗਾ ਕੇ ਖ਼ੁਦਕੁਸ਼ੀ ਕਰ ਲਈl ਮ੍ਰਿਤਕ ਆਪਣੇ ਪਿੱਛੇ ਦੋ ਬੱਚੇ ਛੱਡ ਗਿਆ ਹੈ। ਇਸ ਮਾਮਲੇ 'ਚ ਜਾਂਚ ਅਧਿਕਾਰੀ ਏਐਸਆਈ ਮੇਜਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਜੇ ਕੁਮਾਰ ਗੋਸਵਾਮੀ ਦੀ ਸ਼ਿਕਾਇਤ 'ਤੇ ਰਾਜੂ ਪਾਸਵਾਨ ਚੰਦਾ ਕਲੀ ਅਤੇ ਸੀਮਾ ਪਾਸਵਾਨ ਖਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।