ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 21 ਮਾਰਚ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 58 ਸਾਲਾ ਮਾਂ ਚਰਨ ਕੌਰ ਨੇ ਇਨ-ਵਿਟ੍ਰੋ ਫਰਟੀਲਾਈਜੇਸ਼ਨ (ਆਈਵੀਐੱਫ) ਤਕਨੀਕ ਨਾਲ ਗਰਭ ਧਾਰਨ ਦੇ ਮਾਮਲੇ ਵਿਚ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਕਿਹਾ ਹੈ। ਪੰਜਾਬ ਦੇ ਸਿਹਤ ਵਿਭਾਗ ਨੇ ਜਦੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਜਦੋਂ ਇਸ ਸਬੰਧ ਵਿਚ ਪੁੱਛਿਆ ਤਾਂ ਨਾਰਾਜ਼ ਹੋ ਕੇ ਉਨ੍ਹਾਂ ਨੇ ਰਾਤ ਨੂੰ ਇਕ ਵੀਡੀਓ ਇੰਟਰਨੈੱਟ ਮੀਡੀਆ ’ਤੇ ਪਾ ਕੇ ਪੰਜਾਬ ਸਰਕਾਰ ’ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ। ਇਸ ’ਤੇ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕੇਂਦਰੀ ਸਿਹਤ ਮੰਤਰਾਲੇ ਦਾ 14 ਮਾਰਚ ਦਾ ਇਕ ਪੱਤਰ ਸਾਂਝਾ ਕੀਤਾ ਜਿਸ ਵਿਚ ਚਰਨ ਕੌਰ ਦੇ ਆਈਵੀਐੱਫ ਇਲਾਜ ਦਾ ਵੇਰਵਾ ਮੰਗਿਆ ਗਿਆ ਸੀ। ਪੱਤਰ ਵਿਚ ਦੱਸਿਆ ਗਿਆ ਹੈ ਕਿ ਆਈਵੀਐੱਫ ਤਕਨੀਕ ਤਹਿਤ ਜਾਣ ਵਾਲੀ ਔਰਤ ਲਈ ਨਿਰਧਾਰਤ ਉਮਰ ਹੱਦ 21-50 ਸਾਲ ਹੈ, ਜਦਕਿ ਚਰਨ ਕੌਰ ਦੀ ਉਮਰ 58 ਸਾਲ ਹੈ। ਸਿਹਤ ਮੰਤਰੀ ਇਸ ਮਾਮਲੇ ਵਿਚ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਹੀ ਚਰਨ ਕੌਰ ਦੇ ਨਵਜੰਮੇ ਬੱਚੇ ਮਾਮਲੇ ਵਿਚ ਐਕਸ਼ਨ ਟੇਕਨ ਰਿਪੋਰਟ ਮੰਗੀ ਸੀ। ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਤੰਗ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਥਾਈਲੈਂਡ ’ਚ ਗਰਭ ਧਾਰਨ ਕੀਤਾ ਹੈ ਕਿਉਂਕਿ ਭਾਰਤ ਵਿਚ ਪੰਜਾਹ ਸਾਲ ਦੀ ਉਮਰ ਤੋਂ ਬਾਅਦ ਕਿਸੇ ਵੀ ਔਰਤ ਨੂੰ ਆਈਵੀਐੱਫ ਤਕਨੀਕ ਨਾਲ ਗਰਭ ਧਾਰਨ ਨਹੀਂ ਕਰਵਾਇਆ ਜਾ ਸਕਦਾ। ਹਾਂ, ਗਰਭ ਧਾਰਨ ਕਰਨ ਵਾਲੀ ਔਰਤ ਦੀ ਸੰਭਾਲ ਇੱਥੇ ਕੀਤੀ ਜਾ ਸਕਦੀ ਹੈ।