ਬੀਬੀਐਨ ਨੈਟਵਰਕ ਪੰਜਾਬ ,ਸੁਨਾਮ ਬਿਊਰੋ, 22 ਮਾਰਚ
ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਗੁੱਜਰਾਂ ਤੋਂ ਬਾਅਦ ਸੁਨਾਮ 'ਚ ਵੀ ਜ਼ਹਿਰੀਲੀ ਸ਼ਰਾਬ ਨੇ ਤਬਾਹੀ ਮਚਾਈ ਹੈ। ਇੱਥੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਦਰਜਨ ਦੇ ਕਰੀਬ ਲੋਕਾਂ ਦੀ ਹਾਲਤ ਖਰਾਬ ਹੈ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁੱਜਰਾਂ 'ਚ ਨੌਂ ਜਾਨਾਂ ਲੈਣ ਵਾਲੀ ਜ਼ਹਿਰੀਲੀ ਸ਼ਰਾਬ ਨੇ ਹੁਣ ਸੁਨਾਮ 'ਚ ਤਬਾਹੀ ਮਚਾਈ ਹੈ।ਮਰਨ ਵਾਲਿਆਂ 'ਚ ਗਿਆਨ ਸਿੰਘ ਵਾਸੀ ਜਖੇਪਲ ਤੋਂ ਇਲਾਵਾ ਸੁਨਾਮ ਟਿੱਬੀ ਰਵਿਦਾਸ ਪੁਰਾ ਦੇ ਵਾਸੀ ਲੱਛਾ ਸਿੰਘ, ਗੁਰਮੀਤ ਸਿੰਘ ਤੇ ਬੁੱਧ ਸਿੰਘ ਸ਼ਾਮਲ ਹਨ ਜਦੋਂਕਿ ਪਰਮਜੀਤ ਸਿੰਘ, ਸਰੀ ਸਿੰਘ, ਭੋਲਾ ਸਿੰਘ, ਰਵੀਨਾਥ, ਬੂਟਾ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ, ਰਫੀ ਨਾਥ, ਲਛਮਣ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਗੁਰਮੀਤ ਸਿੰਘ ਦੀ ਵੀਰਵਾਰ ਨੂੰ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਮਨਦੀਪ ਸਿੰਘ ਸੰਧੂ ਆਪਣੀਆਂ ਟੀਮਾਂ ਸਮੇਤ ਟਿੱਬੀ ਰਵਿਦਾਸ ਪੁਰਾ ਬਸਤੀ ਵਿਖੇ ਪੁੱਜੇ। ਪੁਲਿਸ ਨੇ ਥਾਂ-ਥਾਂ ਤਲਾਸ਼ੀ ਲਈ ਤੇ ਇਸ ਦੌਰਾਨ ਉਨ੍ਹਾਂ ਨੂੰ ਜ਼ਹਿਰੀਲੀ ਸ਼ਰਾਬ ਦੀਆਂ ਕੁਝ ਬੋਤਲਾਂ ਵੀ ਮਿਲੀਆਂ। ਇਨ੍ਹਾਂ ਬੋਤਲਾਂ ਦਾ ਬ੍ਰਾਂਡ ਗੁੱਜਰਾਂ ਤੋਂ ਮਿਲੀ ਸ਼ਰਾਬ ਵਰਗਾ ਹੀ ਦੱਸਿਆ ਜਾ ਰਿਹਾ ਹੈ। ਡੀਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇੱਥੇ ਕਈ ਲੋਕ ਬਿਮਾਰ ਹੋ ਗਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਵੀ ਕਲੋਨੀ ਵਿੱਚ ਪਹੁੰਚ ਗਈਆਂ ਹਨ।ਇਸ ਦੌਰਾਨ ਮ੍ਰਿਤਕ ਦੇ ਵਾਰਸਾਂ ਨੇ ਨਕਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਨੂੰ ਯੋਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।