ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 23 ਮਾਰਚ
ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਚ ਬੀਤੀ ਰਾਤ ਤਲਾਸ਼ੀ ਦੌਰਾਨ ਦੋ ਕੈਦੀਆਂ ਤੋਂ ਮੋਬਾਇਲ ਬਰਾਮਦ ਹੋਣ ਕਾਰਨ ਪੁਲਿਸ ਨੇ ਮਾਮਲੇ ਦਰਜ ਕੀਤੇ ਹਨ। ਸਹਾਇਕ ਸੁਪਰਡੈਂਡ ਨਰਿੰਦਰ ਸਿੰਘ ਨੇ ਦੱਸਿਆ ਕਿ ਵੀਰਵਾਰ ਦੀ ਸਵੇਰ ਸਵਾ ਦਸ ਵਜੇ ਦੇ ਕਰੀਬ ਬਲਾਕ ਨੰਬਰ 10 ਦੀ ਚੱਕੀ ਨੰਬਰ 03 ਦੀ ਤਲਾਸ਼ੀ ਲਈ ਤਾਂ ਉੱਥੇ ਕੈਦ ਗੁਰਵਿੰਦਰ ਸਿੰਘ ਉਰਫ਼ ਗੋਬਿੰਦਾ ਪੁੱਤਰ ਹਰਨੈਲ ਸਿੰਘ ਵਾਸੀ ਪਿੰਡ ਖੱਖਾ ਥਾਣਾ ਟਾਂਡਾ ਕੋਲੋਂ ਬਿਨ੍ਹਾਂ ਸਿਮ ਤੋਂ ਮੋਬਾਇਲ ਬਰਾਮਦ ਹੋਇਆ। ਇਸੇ ਤਰਾਂ ਸਹਾਇਕ ਸੁਪਰਡੈਂਟ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਉਨ੍ਹਾਂ 11 ਵਜੇ ਦੇ ਕਰੀਬ ਬੈਰਕ ਨੰਬਰ 18 ਅਤੇ 21 ਦੀਆਂ ਭੱਠੀਆਂ ਦੇ ਨਜ਼ਦੀਕ ਘੁੰਮ ਰਹੇ ਸਿਮਰਨਜੀਤ ਸਿੰਘ ਉਰਫ਼ ਸਿੰਮਾ ਉਰਫ ਝੱਲੀ ਪੁੱਤਰ ਹਰਮੇਸ਼ ਲਾਲ ਵਾਸੀ ਵਾਰਡ ਨੰਬਰ 01 ਕ੍ਰਿਸ਼ਨਾ ਨਗਰ ਬੰਗਾ ਥਾਣਾ ਸ਼ਹੀਦ ਭਗਤ ਸਿੰਘ ਨਗਰ ਕੋਲੋਂ ਇੱਕ ਬੈਟਰੀ, ਮੋਬਾਇਲ ਫ਼ੋਨ ਅਤੇ ਸਿੰਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਹਾਂ ਮਾਮਲਿਆਂ ਵਿਚ ਥਾਣਾ ਸਿਟੀ ਦੀ ਪੁਲਸ ਨੇ ਮਾਮਲੇ ਦਰਜ ਕੀਤੇ ਹਨ। ਇੱਥੇ ਜਿਕਰਯੋਗ ਹੈ ਹੈ ਕਿ ਪਿਛਲੇ ਪੰਦਰਵਾੜੇ ਦੌਰਾਨ ਕੇੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚੋਂ ਦੋ ਦਰਜ਼ਨ ਤੋਂ ਵੱਧ ਮੋਬਾਇਲਾਂ ਦਾ ਮਿਲਣਾ ਜੇਲ੍ਹਾਂ ਪ੍ਰਬੰਧਕਾਂ ’ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਜੇਲ੍ਹ ਦੇ ਬਾਹਰ ਅਤੇ ਆਲੇ ਦੁਆਲੇ ਹਰ ਸਮੇਂ ਪੁਲਿਸ ਤੈਨਾਤ ਵੀ ਰਹਿੰਦੀ ਹੈ ਅਤੇ ਗਸ਼ਤ ਵੀ ਕਰਦੀ ਹੈ ਫ਼ਿਰ ਵੀ ਆਏ ਦਿਨ ਲਗਾਤਾਰ ਕੈਦੀਆਂ ਕੋਲੋਂ ਮੋਬਾਇਲ ਅਤੇ ਨਸ਼ਾ ਮਿਲਣਾ ਆਪਣੇ ਆਪ ਵਿਚ ਬਹੁਤ ਕੁੱਝ ਬਿਆਨ ਕਰਦਾ ਹੈ।