ਬੀਬੀਐਨ ਨੈਟਵਰਕ ਪੰਜਾਬ, ਦਿੱਲੀ ਬਿਊਰੋ, 23 ਮਾਰਚ
ਦਿੱਲੀ ਆਬਕਾਰੀ ਨੀਤੀ ਘੁਟਾਲਾ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ 'ਚ ਅੱਜ ਮੁੱਖ ਮੰਤਰੀ ਕੇਜਰੀਵਾਲ ਦਾ ਸੰਦੇਸ਼ ਪੜ੍ਹਿਆ। ਉਨ੍ਹਾਂ ਕਿਹਾ ਕਿ ਸੀਐਮ ਕੇਜਰੀਵਾਲ ਨੇ ਲਿਖਿਆ ਹੈ ਕਿ ਇਕ ਵਾਰ ਮੰਦਰ ਜਾ ਕੇ ਮੇਰੇ ਲਈ ਪ੍ਰਾਰਥਨਾ ਕਰੋ। ਮੈਂ ਜਲਦ ਬਾਹਰ ਆਵਾਂਗਾ। ਮੈਂ ਲੋਹੇ ਵਾਂਗ ਮਜ਼ਬੂਤ ਹਾਂ। ਮੇਰੇ ਜੀਵਨ ਦਾ ਪਲ-ਪਲ ਦੇਸ਼ ਲਈ ਹੈ। ਮੇਰਾ ਖ਼ੂਨ ਦਾ ਕਤਰਾ-ਕਤਰਾ ਜਨਤਾ ਲਈ ਹੈ। ਮੇਰਾ ਜਨਮ ਹੀ ਸੰਘਰਸ਼ ਲਈ ਹੋਇਆ ਤੇ ਅਜੇ ਬਹੁਤ ਸੰਘਰਸ਼ ਬਾਕੀ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਜਲਦ ਬਾਹਰ ਆਉਣਗੇ, ਤੁਹਾਡੇ ਲਈ ਕੰਮ ਕਰਨਗੇ। ਕਰੋੜਾਂ ਲੋਕਾਂ ਦੀਆਂ ਦੁਆਵਾਂ ਮੇਰੇ ਨਾਲ ਹਨ। ਆਮ ਆਦਮੀ ਪਾਰਟੀ ਵਰਕਰਾਂ ਨੂੰ ਅਪੀਲ ਹੈ ਕਿ ਲੋਕ ਸੇਵਾ ਦੇ ਕੰਮ ਨਾ ਰੁਕੇ। ਭਾਜਪਾ ਵਾਲਿਆਂ ਨੂੰ ਨਫ਼ਰਤ ਨਾ ਕਰਿਓ, ਉਹ ਸਾਰੇ ਮੇਰੇ ਭਰਾ ਹਨ। ਕੇਜੀਰਵਾਲ ਨੇ ਲਿਖਿਆ ਕਿ ਦਿੱਲੀ ਦੀਆਂ ਮਾਵਾਂ-ਭੈਣਾਂ ਇਹ ਸੋਚ ਰਹੀਆਂ ਹੋਣਗੀਆਂ ਕਿ 1000 ਰੁਪਿਆ ਮਿਲੇਗਾ ਜਾਂ ਨਹੀਂ। ਭਰੋਸਾ ਰੱਖੋ ਆਪਣੇ ਪੁੱਤਰ ਉੱਪਰ। ਅੱਜ ਤਕ ਅਜਿਹਾ ਕਦੀ ਹੋਇਆ ਹੈ ਕਿ ਕੇਜੀਰਵਾਲ ਨੇ ਕੋਈ ਵਾਅਦਾ ਕੀਤਾ ਹੋਵੇ ਤਾਂ ਪੂਰਾ ਨਾ ਹੋਇਆ ਹੋਵੇ। ਮੈਂ ਜਲਦੀ ਹੀ ਵਾਪਸ ਆਵਾਂਗਾ। ਆਪਣਾ ਵਾਅਦਾ ਪੂਰਾ ਕਰਾਂਗਾ। ਤੁਹਾਡਾ ਆਪਣਾ ਭਰਾ, ਅਰਵਿੰਦ।