ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 23 ਮਾਰਚ
ਸਹੁਰੇ ਪਰਿਵਾਰ ਦੇ ਜ਼ੁਲਮਾਂ ਤੋਂ ਤੰਗ ਆਈ ਵਿਆਹੁਤਾ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ l ਇਸ ਮਾਮਲੇ 'ਚ ਥਾਣਾ ਕੂਮ ਕਲਾਂ ਦੀ ਪੁਲਿਸ ਨੇ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਮ੍ਰਿਤਕਾ ਸੰਦੀਪ ਕੌਰ ਦੇ ਪਤੀ ਜਗਦੀਪ ਸਿੰਘ, ਸਹੁਰੇ ਮੁਖਤਿਆਰ ਸਿੰਘ ਤੇ ਸੱਸ ਪਰਮਜੀਤ ਕੌਰ ਖਿਲਾਫ ਦਹੇਜ ਹੱਤਿਆ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਹਰਬੰਸ ਸਿੰਘ ਨੇ ਦੱਸਿਆ ਕਿ 13 ਦਸੰਬਰ 2023 ਨੂੰ ਉਸਦੀ ਬੇਟੀ ਸੰਦੀਪ ਕੌਰ (31) ਦਾ ਵਿਆਹ ਜਗਦੀਪ ਸਿੰਘ ਨਾਲ ਹੋਇਆ ਸੀl ਵਿਆਹ ਦੇ ਕੁਝ ਦਿਨਾਂ ਬਾਅਦ ਹੀ ਲੜਕੀ ਦੇ ਸਹੁਰੇ ਪਰਿਵਾਰ ਦੇ ਮੈਂਬਰ ਉਸਨੂੰ ਹੋਰ ਦਾਜ ਲਿਆਉਣ ਲਈ ਆਖਣ ਲੱਗ ਪਏ l 22 ਮਾਰਚ ਨੂੰ ਸਵੇਰੇ 8 ਵਜੇ ਸੰਦੀਪ ਕੌਰ ਨੇ ਆਪਣੀ ਮਾਤਾ ਪਰਮਜੀਤ ਕੌਰ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਹੋਰ ਦਾਜ ਲਿਆਉਣ ਲਈ ਉਸ ਪਰੇਸ਼ਾਨ ਕਰ ਰਿਹਾ ਹੈ। ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਮਿਲੀ ਕਿ ਲੜਕੀ ਨੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਉਧਰੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੇ ਪਿਤਾ ਹਰਬੰਸ ਸਿੰਘ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਮੁਲਜਮ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ 'ਚ ਮੁਖਤਿਆਰ ਸਿੰਘ ਤੇ ਪਰਮਜੀਤ ਕੌਰ ਦੀ ਤਲਾਸ਼ ਕੀਤੀ ਜਾ ਰਹੀ ਹੈ l