ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 23 ਮਾਰਚ
ਕਪੂਰਥਲਾ ਰੇਲਵੇ ਸਟੇਸ਼ਨ ਤੋਂ ਆਰਸੀਐਫ ਵੱਲ ਜਾਂਦੇ ਨਕੋਦਰ ਰੇਲਵੇ ਫਾਟਕ ਨੇੜੇ ਦੇਰ ਰਾਤ ਰੇਲਵੇ ਲਾਈਨ ਪਾਰ ਕਰਦੇ ਸਮੇਂ ਇਕ ਨੌਜਵਾਨ ਰੇਲ ਗੱਡੀ ਦੀ ਲਪੇਟ 'ਚ ਆ ਗਿਆ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਜੀਆਰਪੀ ਟੀਮ ਵੱਲੋਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਕਪੂਰਥਲਾ ਜੀਆਰਪੀ ਚੌਕੀ ਦੇ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ (24 ਸਾਲ) ਪੁੱਤਰ ਮੰਗਾ ਵਾਸੀ ਪਿੰਡ ਤਲਵੰਡੀ ਮਹਿਮਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜੀਆਰਪੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਅਹਿਮਦਾਬਾਦ ਤੋਂ ਜੰਮੂ ਜਾ ਰਹੀ ਰੇਲ ਗੱਡੀ ਦੇ ਡਰਾਈਵਰ ਨੇ ਜੀਆਰਪੀ ਨੂੰ ਰਾਤ ਕਰੀਬ 11 ਵਜੇ ਸੂਚਨਾ ਦਿੱਤੀ ਕਿ ਪਿੰਡ ਸ਼ੇਖੂਪੁਰ ਨੇੜੇ ਕਪੂਰਥਲਾ ਰੇਲਵੇ ਸਟੇਸ਼ਨ ਦੇ ਆਰਸੀਐਫ ਵੱਲ ਕਿਲੋਮੀਟਰ ਨੰ. 22-10/12 ਅਤੇ ਗੇਟ ਨੰ. ਸੀ.-24 'ਤੇ ਇਕ ਨੌਜਵਾਨ ਜ਼ਖ਼ਮੀ ਹਾਲਤ 'ਚ ਪਿਆ ਹੈ। ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਕਾਂਸਟੇਬਲ ਜਸਕੀਰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਉਸ ਨੂੰ ਇਲਾਜ ਲਈ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ। ਇੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਮੰਗਾ ਵਾਸੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾਵੇਗੀ।
ADVERTISEMENT
ADVERTISEMENT
ADVERTISEMENT