ਬੀਬੀਐਨ ਨੈਟਵਰਕ ਪੰਜਾਬ, ਬਰਨਾਲਾ ਬਿਊਰੋ, 23 ਮਾਰਚ
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਅੱਜ ਬਰਨਾਲੇ 'ਚ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਾਮਰਾਜੀ ਹੱਲੇ ਖਿਲਾਫ ਸਾਂਝੇ ਸੰਘਰਸ਼ ਵਿੱਢਣ ਦੇ ਅਹਿਦ ਵਜੋਂ ਮਨਾਇਆ ਗਿਆ। ਦਾਣਾ ਮੰਡੀ ਦੇ ਵਿਸ਼ਾਲ ਪੰਡਾਲ ਵਿੱਚ ਔਰਤਾਂ ,ਕਿਸਾਨਾਂ ਤੇ ਖੇਤ ਮਜ਼ਦੂਰਾਂ ਤੋਂ ਇਲਾਵਾ ਵਿਦਿਆਰਥੀ, ਠੇਕਾ-ਕਾਮੇ , ਸਨਅਤੀ ਕਾਮੇ , ਅਧਿਆਪਕਾਂ , ਬਿਜਲੀ ਮੁਲਾਜ਼ਮਾਂ ਦੇ ਕਾਫਲੇ ਜੁੜੇ ਅਤੇ 23 ਮਾਰਚ ਦੇ ਸ਼ਹੀਦਾਂ ਦੀ ਸਾਮਰਾਜਵਾਦ ਵਿਰੋਧੀ ਸੰਗਰਾਮੀ ਵਿਰਾਸਤ ਨੂੰ ਬੁਲੰਦ ਕੀਤਾ। ਇਸ ਮੌਕੇ ਸ਼ਾਮਿਲ ਜਥੇਬੰਦੀਆਂ ਨੇ ਸਾਂਝੇ ਤੌਰ ਲੋਕ ਮੁੱਦਿਆਂ ਦਾ 30- ਨੁਕਾਤੀ ਲੋਕ ਏਜੰਡਾ ਪੰਜਾਬ ਦੇ ਲੋਕਾਂ ਸਾਹਮਣੇ ਪੇਸ਼ ਕੀਤਾ ਅਤੇ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਵੋਟ ਪਾਰਟੀਆਂ ਤੋਂ ਝਾਕ ਮੁਕਾ ਕੇ ਸਾਂਝੇ ਸੰਘਰਸ਼ਾਂ ਦਾ ਝੰਡਾ ਉੱਚਾ ਕਰਨ ਦਾ ਹੋਕਾ ਦਿੱਤਾ। ਪੇਸ਼ ਕੀਤੇ ਗਏ ਲੋਕ ਏਜੰਡੇ 'ਚ ਕਿਸਾਨਾਂ-ਮਜ਼ਦੂਰਾਂ- ਵਾਤਾਵਰਨ ਪੱਖੀ ਅਤੇ ਸਾਮਰਾਜੀਆਂ, ਕਾਰਪੋਰੇਟਾਂ ਤੇ ਜਗੀਰਦਾਰਾਂ ਵਿਰੋਧੀ ਖੇਤੀ ਨੀਤੀ ਬਣਾਉਣ, ਕਿਸਾਨ ਮਜ਼ਦੂਰ ਪੱਖੀ ਕਰਜ਼ਾ ਕਾਨੂੰਨ ਬਣਾਉਣ, ਐਮਐਸਪੀ ਦੀ ਕਨੂੰਨੀ ਗਰੰਟੀ ਕਰਨ-ਸਰਕਾਰੀ ਖਰੀਦ ਤੇ ਜਨਤਕ ਵੰਡ ਪ੍ਰਣਾਲੀ ਦਾ ਹੱਕ ਦੇਣ, ਠੇਕਾ ਭਰਤੀ ਦੀ ਨੀਤੀ ਰੱਦ ਕਰਨ ਤੇ ਸਭਨਾਂ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਦਾ ਹੱਕ ਬਹਾਲ ਕਰਨ, ਬਿਜਲੀ, ਸਿੱਖਿਆ ਤੇ ਸਿਹਤ ਸਮੇਤ ਜਨਤਕ ਖੇਤਰਾਂ 'ਚ ਚੁੱਕੇ ਜਾ ਰਹੇ ਨਿੱਜੀਕਰਨ ਦੇ ਕਦਮ ਰੱਦ ਕਰਨ, ਬਿਜਲੀ ਪਾਣੀ ਵਰਗੇ ਖੇਤਰਾਂ ਚ ਪਾਸ ਕੀਤੇ ਲੋਕ ਦੋਖੀ ਕਾਨੂੰਨ ਰੱਦ ਕਰਨ, ਸੰਸਾਰ ਵਪਾਰ ਸੰਸਥਾ ਸਮੇਤ ਸਭਨਾਂ ਸਾਮਰਾਜੀ ਸੰਸਥਾਵਾਂ 'ਚੋਂ ਬਾਹਰ ਆਉਣ, ਜਮਹੂਰੀ ਹੱਕਾਂ ਦਾ ਘਾਣ ਰੋਕਣ, ਨਿੱਜੀਕਰਨ ਵਪਾਰੀਕਰਨ ਸੰਸਾਰੀਕਰਨ ਦੀਆਂ ਲੋਕ ਦੋਖੀ ਨੀਤੀਆਂ ਰੱਦ ਕਰਨ ਵਰਗੇ ਉਭਰਵੇਂ ਮੁੱਦੇ ਸ਼ਾਮਲ ਹਨ। ਇਹੀ ਲੋਕਾਂ ਦੇ ਅਸਲ ਮੁੱਦੇ ਹਨ ਜੋ ਬਦਲਵੇਂ ਲੋਕ ਪੱਖੀ ਵਿਕਾਸ ਦਾ ਰਾਹ ਖੋਲ੍ਹਣ ਦੇ ਕਦਮ ਬਣਦੇ ਹਨ। ਜਥੇਬੰਦੀਆਂ ਦੇ ਸਭਨਾਂ ਬੁਲਾਰਿਆਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਲੋਕ ਸਭਾ ਚੋਣਾਂ ਚ ਨਿੱਤਰ ਰਹੀਆਂ ਸਾਰੀਆਂ ਵੋਟ ਪਾਰਟੀਆਂ ਸਾਮਰਾਜੀਆਂ , ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅਤੇ ਜਗੀਰਦਾਰਾਂ ਪੱਖੀ ਨਿੱਜੀਕਰਨ ਉਦਾਰੀਕਰਨ ਸੰਸਾਰੀਕਰਨ ਤੇ ਵਪਾਰੀਕਰਨ ਦੀਆਂ ਲੋਕ ਦੋਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਹੀ ਵਿਕਾਸ ਦਾ ਨਾਂ ਦੇ ਰਹੀਆਂ ਹਨ। ਸਾਰੀਆਂ ਜਥੇਬੰਦੀਆਂ ਨੇ ਸਾਂਝੇ ਤੌਰ 'ਤੇ ਕਿਹਾ ਕਿ ਹਾਕਮਾਂ ਦੀ ਚੋਣ ਮੁਹਿੰਮ ਦੇ ਮੁਕਾਬਲੇ ਤੇ ਪੰਜਾਬ ਦੇ ਹਰ ਮਿਹਨਤਕਸ਼ ਵਰਗ ਦੇ ਘਰ - ਘਰ ਤੱਕ ਇਹਨਾਂ ਮੁੱਦਿਆਂ ਦੀ ਆਵਾਜ਼ ਪਹੁੰਚਾਈ ਜਾਵੇਗੀ। ਇਸ ਮੌਕੇ ਇਕੱਠ ਵਿੱਚ ਫਲਸਤੀਨੀ ਲੋਕਾਂ 'ਤੇ ਮਹੀਨਿਆਂ ਤੋਂ ਕੀਤੇ ਜਾ ਰਹੇ ਇਜ਼ਰਾਇਲੀ ਹਮਲੇ ਖਿਲਾਫ, ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ ਖਿਲਾਫ ਤੇ ਪਾਰਲੀਮੈਂਟ ਅੰਦਰ ਰੰਗ ਖਿੰਡਾਉਣ ਰਾਹੀਂ ਆਵਾਜ਼ ਉਠਾਉਣ ਵਾਲੇ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਮੰਗ ਲਈ ਤਿੰਨ ਮਤੇ ਪੇਸ਼ ਕੀਤੇ ਗਏ ਤੇ ਨਾਅਰਿਆਂ ਦੀ ਗੂੰਜ ਵਿੱਚ ਇਹਨਾਂ ਮਤਿਆਂ ਨੂੰ ਸਮੁੱਚੇ ਇਕੱਠ ਨੇ ਪ੍ਰਵਾਨਗੀ ਦਿੱਤੀ। ਅੱਜ ਦੇ ਇਕੱਠ ਨੂੰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ,ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ, ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਵੱਖ ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ ਕਟਾਰੀਆ, , ਪਵਨਦੀਪ ਸਿੰਘ, ਜਗਰੂਪ ਸਿੰਘ ਲਹਿਰਾ , ਗੁਰਵਿੰਦਰ ਸਿੰਘ ਪੰਨੂ, ਸਿਮਰਨਜੀਤ ਸਿੰਘ ਨੀਲੋਂ, ਸ਼ੇਰ ਸਿੰਘ ਖੰਨਾ, ਜਸਪ੍ਰੀਤ ਸਿੰਘ ਗਗਨ, ਸੁਰਿੰਦਰ ਕੁਮਾਰ, ਰਮਨਪ੍ਰੀਤ ਕੌਰ, ਟੀ ਐਸ ਯੂ ਦੇ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ, ਡੀ ਟੀ ਐਫ ਦੇ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ, ਮੁਲਾਜ਼ਮ ਆਗੂ ਮੰਗਤ ਰਾਮ, ਬਲਦੇਵ ਸਿੰਘ, ਜਤਿੰਦਰ ਸਿੰਘ ਭੰਗੂ, ਹਰਜਿੰਦਰ ਸਿੰਘ , ਕਿਸਾਨ ਆਗੂ ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਸਾਬਕਾ ਸੈਨਿਕਾਂ ਦੇ ਆਗੂ ਪ੍ਰਗਟ ਸਿੰਘ ਨੇ ਸੰਬੋਧਨ ਕੀਤਾ।