ਗੱਡੀ ਚਾਲਕ ਤੋਂ ਲਈ ਗੂਗਲ ਪੇਅ ਰਾਹੀਂ ਪੰਦਰਾਂ ਸੌ ਦੀ ਰਿਸ਼ਵਤ
ਬਰਨਾਲਾ 23 ਮਾਰਚ (ਲੇਖਕ ਅਤੇ ਸਮਾਜਸੇਵੀ ਬੇਅੰਤ ਸਿੰਘ ਬਾਜਵਾ)-ਟਰੈਫਿਕ ਪੁਲਿਸ ਬਰਨਾਲਾ ਦਾ ਸ਼ਹਿਰ ਦੀ ਟਰੈਫਿਕ ਨੂੰ ਸੁਧਾਰਨ ਦੀ ਬਜਾਏ ਆਸ ਪਾਸ ਪਿੰਡਾਂ ਤੋਂ ਦਿਹਾੜੀ ਲਈ ਆਉਂਦੇ ਗਰੀਬ ਮਜ਼ਦੂਰਾਂ ਦੇ ਟੂ ਵੀਲ੍ਹਰਾਂ ਦੇ ਮੋਟੀ ਰਕਮ ਦੇ ਚਾਲਾਨ ਕੱਟਣ ਵੱਲ ਧਿਆਨ ਹੈ ਤਾਂ ਜੋ ਇਸ ਬਹਾਨੇ ਜੇਬਾਂ ਗਰਮ ਹੁੰਦੀਆਂ ਰਹਿਣ।ਇਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਟਰੈਫਿਕ ਪੁਲਿਸ ਬਰਨਾਲਾ ਵੱਲੋਂ ਇੱਕ ਮਜ਼ਦੂਰ ਦੇ ਮੋਟਰਸਾਈਕਲ ਦੇ ਕੀਤੇ ਗਏ ਚਾਲਾਨ ਤੋਂ ਮਿਲਦੀ ਹੈ।ਟ੍ਰੈਫਿਕ ਪੁਲਿਸ ਬਰਨਾਲਾ ਨੇ ਇਕੱਲਾ ਚਾਲਾਨ ਹੀ ਨਹੀਂ ਕੀਤਾ ਸਗੋਂ ਮੋਟਰਸਾਈਕਲ ਹੀ ਜ਼ਬਤ ਕਰ ਲਿਆ।ਹੈਰਾਨੀ ਦੀ ਹੱਦ ਤਾਂ ਉਸ ਵੇਲੇ ਹੋਈ ਜਦੋਂ ਕਿ ਮਜ਼ਦੂਰ ਕੋਲ ਮੋਟਰਸਾਈਕਲ ਦੀ ਆਰ ਸੀ ਅਤੇ ਲਾਇਸੰਸ ਵੀ ਮੌਜੂਦ ਸੀ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਮਜ਼ਦੂਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਬਰਨਾਲਾ ਸ਼ਹਿਰ ਵਿਚ ਦਿਹਾੜੀ ਕਰਨ ਆਉਂਦਾ ਹੈ।ਦਿਹਾੜੀ ਵੀ ਕਦੇ ਕਦੇ ਹੀ ਲੱਗਦੀ ਹੈ।ਪਰੰਤੂ ਟ੍ਰੈਫਿਕ ਪੁਲਿਸ ਬਰਨਾਲਾ ਨੇ ਉਸ ਦਾ ਮੋਟਾ ਚਾਲਾਨ ਕਰ ਦਿੱਤਾ ਹੈ ਅਤੇ ਉਲਟਾ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਪੰਦਰਾਂ ਹਜ਼ਾਰ ਲੈ ਕੇ ਆ ਜਾਣਾ ਉਹ ਆਪ ਹੀ ਚਾਲਾਨ ਨੂੰ ਭੁਗਤਾ ਆਉਣਗੇ।ਬਰਨਾਲਾ ਸ਼ਹਿਰ ਵਿਚ ਟ੍ਰੈਫਿਕ ਪੁਲਿਸ ਦਾ ਬਹੁਤ ਬੁਰਾ ਹਾਲ ਹੈ।ਟ੍ਰੈਫਿਕ ਪੁਲਿਸ ਬਰਨਾਲਾ ਦੀ ਮਿਲੀਭੁਗਤ ਨਾਲ ਸ਼ਹਿਰ ਅੰਦਰ ਸਾਰਾ ਦਿਨ ਭਾਰੀ ਲੋਡ ਵਾਲੇ ਵਹੀਕਲ ਢੋਆ ਢੁਆਈ ਕਰਦੇ ਰਹਿੰਦੇ ਹਨ।ਪੱਤਰਕਾਰਾਂ ਵੱਲੋਂ ਜਦੋਂ ਕਮਰਸ਼ੀਅਲ ਵਾਹਨਾਂ ਨੂੰ ਰੋਕ ਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਮਹੀਨੇ ਮਹੀਨਾ ਦਿੰਦੇ ਹਨ।ਇਸ ਲਈ ਕੋਈ ਰੋਕ ਟੋਕ ਨਹੀਂ ਹੈ।ਟ੍ਰੈਫਿਕ ਪੁਲਿਸ ਬਰਨਾਲਾ ਅੰਦਰ ਰਿਸ਼ਵਤਖੋਰੀ ਦਾ ਵੀ ਵੱਡੇ ਪੱਧਰ ਤੇ ਬੋਲਬਾਲਾ ਹੈ।ਪਿਛਲੇ ਦਿਨੀਂ ਹੀ ਇੱਕ ਗੱਡੀ ਚਾਲਕ ਨੂੰ ਰੋਕ ਇੱਕ ਟ੍ਰੈਫਿਕ ਦਫ਼ਤਰ ਬਰਨਾਲਾ ਵਿਚ ਤਾਇਨਾਤ ਮਹਿਲਾ ਕਰਮਚਾਰੀ ਨੇ ਪੰਦਰਾਂ ਸੌ ਰੁਪਏ ਰਿਸ਼ਵਤ ਲੈ ਲਈ।ਟ੍ਰੈਫਿਕ ਪੁਲਿਸ ਬਰਨਾਲਾ ਨੂੰ ਰਿਸ਼ਵਤ ਲੈਣ ਲੱਗੇ ਕੋਈ ਖੌਫ ਨਹੀਂ ਹੈ।ਜਿਸ ਦੀ ਮਿਸਾਲ ਉਕਤ ਮਹਿਲਾ ਕਰਮਚਾਰੀ ਨੇ ਗੱਡੀ ਚਾਲਕ ਦੀ ਗੱਡੀ ਛੱਡਣ ਲਈ ਪੰਦਰਾਂ ਸੌ ਰੁਪਏ ਰਿਸ਼ਵਤ ਆਪਣੇ ਨਿੱਜੀ ਗੂਗਲ ਪੇਅ ਨੰਬਰ ਤੇ ਹੀ ਕਰਵਾ ਲਈ।ਜਿਸ ਦੀ ਸ਼ਿਕਾਇਤ ਪੀੜਤ ਵੱਲੋਂ ਤੁਰੰਤ ਵਿਸ਼ੀਲੈਸ਼ ਪੰਜਾਬ ਨੂੰ ਭੇਜ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।ਇਸ ਤੋਂ ਪਹਿਲਾਂ ਵੀ ਇੱਕ ਟ੍ਰੈਫਿਕ ਕਰਮਚਾਰੀ ਦੀ ਸ਼ਿਕਾਇਤੀ ਬਦਲੀ ਮਾਨਯੋਗ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਕੀਤੀ ਗਈ ਸੀ।ਪਰ ਥੋੜ੍ਹੇ ਦਿਨਾਂ ਬਾਅਦ ਹੀ ਉਕਤ ਕਰਮਚਾਰੀ ਫਿਰ ਟ੍ਰੈਫਿਕ ਵਿਚ ਆ ਗਿਆ।ਟ੍ਰੈਫਿਕ ਵਿਚ ਕੁਝ ਮੁਲਾਜ਼ਮ ਲੰਬੇ ਸਮੇਂ ਤੋਂ ਤਾਇਨਾਤ ਹਨ।ਜਿਨ੍ਹਾਂ ਤੋਂ ਸ਼ਹਿਰ ਦੇ ਕਾਫੀ ਲੋਕ ਪੀੜਤ ਹਨ।ਸਮਾਜ ਸੇਵੀ ਸੰਸਥਾਵਾਂ ਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਤੋਂ ਅਜਿਹੇ ਮੁਲਾਜ਼ਮਾਂ ਦੀ ਬਦਲੀ ਕਰਨ ਦੀ ਮੰਗ ਕੀਤੀ ਹੈ।ਸ਼ਹਿਰ ਦੇ ਫਰਵਾਹੀ ਅਤੇ ਹੰਡਿਆਇਆ ਬਾਜ਼ਾਰ ਅੰਦਰ ਸਾਰਾ ਦਿਨ ਕਮਰਸ਼ੀਅਲ ਵਹੀਕਲਾਂ ਲੰਬੇ ਲੰਬੇ ਜਾਮ ਲਾਈ ਰੱਖਦੇ ਹਨ।ਹਾਲਾਂਕਿ ਇਥੇ ਹੀ ਟ੍ਰੈਫਿਕ ਅਤੇ ਪੀ ਸੀ ਆਰ ਦੇ ਮੁਲਾਜ਼ਮਾਂ ਦੀ ਡਿਊਟੀ ਵੀ ਹੁੰਦੀ ਹੈ।ਪਰ ਮੁਲਾਜ਼ਮਾਂ ਵੱਲੋਂ ਸਭ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।ਜਿਸ ਨਾਲ ਇਹ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ।ਇਸ ਸੰਬੰਧ ਵਿੱਚ ਜਦੋਂ ਟਰੈਫਿਕ ਪੁਲਿਸ ਬਰਨਾਲਾ ਦੇ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਰੇਂਜ ਤੋਂ ਬਾਹਰ ਆ ਰਿਹਾ ਸੀ।ਜਿਸ ਕਾਰਨ ਸੰਪਰਕ ਨਹੀਂ ਹੋ ਸਕਿਆ।