ਜੋਰਾ ਸਿੰਘ ਕੁਰੜ ਦੇ ਕਿਸਾਨ ਲਹਿਰ ਵਿੱਚ ਪਾਏ ਯੋਗਦਾਨ ਨੂੰ ਯਾਦ ਰੱਖਿਆ ਜਾਵੇਗਾ – ਜਗਰਾਜ ਹਰਦਾਸਪੁਰਾ
ਜਰਨਲਿਸਟ ਇੰਜ਼, ਸੋਨੂੰ ਉੱਪਲ, ਬੀਬੀਐਨ ਨੈੱਟਵਰਕ ਪੰਜਾਬ, ਬਰਨਾਲਾ ਬਿਊਰੋ, 25 ਮਾਰਚ
ਭਾਕਿਯੂ ਏਕਤਾ (ਡਕੌਂਦਾ) ਦੇ ਸਮਰਪਿਤ ਆਗੂ, ਕਿਸਾਨ ਲਹਿਰ ਦੇ ਨਿਧੜਕ ਯੋਧੇ ਜੋਰਾ ਸਿੰਘ ਕੁਰੜ ਦਾ ਸ਼ੂਗਰ ਜਿਹੀ ਭਿਆਨਕ ਬਿਮਾਰੀ ਕਾਰਨ ਮੌਤ ਹੋ ਗਈ। ਅੰਤਿਮ ਵਿਦਾਇਗੀ ਦੇਣ ਤੋਂ ਪਹਿਲਾਂ ਅਕਾਸ਼ ਗੁੰਜਾਊ ਨਾਹਰਿਆਂ ਸਨਮਾਨ ਦਿੱਤਾ ਗਿਆ। ਸ਼ਮਸ਼ਾਨ ਘਾਟ ਵਿੱਚ ਸੀਮਤ ਸਮੇਂ ਲਈ ਯਾਦਾਂ ਸਾਂਝੀਆਂ ਕਰਦਿਆਂ ਜਗਰਾਜ ਸਿੰਘ ਹਰਦਾਸਪੁਰਾ ਨੇ ਕਿਹਾ ਕਿ ਇਤਿਹਾਸਕ ਕਿਸਾਨ ਘੋਲ ਦੌਰਾਨ ਜੋਰਾ ਸਿੰਘ ਕੁਰੜ ਨੇ ਅਹਿਮ ਭੂਮਿਕਾ ਨਿਭਾਈ ਸੀ। ਨਾਂ ਸਿਰਫ ਮਹਿਲਕਲਾਂ ਟੋਲ ਪਲਾਜ਼ਾ ਸਗੋਂ ਦਿੱਲੀ ਟਿੱਕਰੀ ਬਾਰਡਰ ‘ਤੇ ਵੀ ਕਿੰਨੀ ਹੀ ਕਿਸਾਨ ਕਾਫ਼ਲੇ ਦਾ ਹਿੱਸਾ ਬਣ ਦਿੱਲੀ ਬਾਰਡਰਾਂ ਵੱਲ ਕੂਚ ਕੀਤਾ। ਕਈ-ਕਈ ਦਿਨੀਂ ਟਿੱਕਰੀ ਬਾਰਡਰ ਉੱਪਰ ਰੁਕਦਾ ਰਿਹਾ। ਜੋਰਾ ਸਿੰਘ ਕੁਰੜ ਨੇ ਆਪਣੇ ਆਪ ਨੂੰ ਕਿਸਾਨ ਘੋਲਦੇ ਕੁੱਲਵਕਤੀ ਕਾਮੇ ਵਜੋਂ ਸਮਰਪਿਤ ਕਰ ਦਿੱਤਾ ਸੀ। ਕਿਸਾਨ ਆਗੂ ਜੋਰਾ ਸਿੰਘ ਦੇ ਬੇਵਕਤੀ ਚਲੇ ਜਾਣ ਨਾਲ ਪ੍ਰੀਵਾਰ ਸਮੇਤ ਜਥੇਬੰਦੀ ਨੂੰ ਵੀ ਵੱਡਾ ਘਾਟਾ ਪਿਆ ਹੈ। ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਪਹਿਲਾਂ ਕਿਸਾਨ ਲਹਿਰ ਦੇ ਨਿਧੜਕ ਯੋਧੇ ਜੋਰਾ ਸਿੰਘ ਨੂੰ ਸ਼ੂਗਰ ਦੀ ਜਾਨਲੇਵਾ ਬਿਮਾਰੀ ਘੇਰਿਆ ਹੋਇਆ ਸੀ। ਪਰ ਜ਼ੋਰਾ ਸਿੰਘ ਨੇ ਆਪਣੇ ਬਿਮਾਰੀ ਨੂੰ ਪਾਸੇ ਰੱਖਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਪੂਰਾ ਤਾਣ ਲਾਇਆ। ਜੋਰਾ ਸਿੰਘ ਹਮੇਸ਼ਾ ਕਹਿੰਦਾ ਕਿ ਮੈਂ ਜਲਦ ਹੀ ਠੀਕ ਹੋ ਜਾਵਾਂਗਾ। ਮੈਂ ਤਾਂ ਆਪਣਾ ਬਾਕੀ ਰਹਿੰਦਾ ਜਿੰਦਗੀ ਦਾ ਸਮਾਂ ਆਪਣੀ ਕਿਸਾਨ ਜਥੇਬੰਦੀ ਭਾਕਿਯੂ ਏਕਤਾ(ਡਕੌਂਦਾ) ਦੇ ਲੇਖੇ ਲਾਉਣਾ ਹੈ। ਸ਼ੂਗਰ ਜਿਹੀ ਬਿਮਾਰੀ ਸਾਡੀ ਕਿਸਾਨ ਲਹਿਰ ਦੇ ਜੁਝਾਰੂ ਸਾਥੀ ਨੂੰ ਸਾਡੇ ਕੋਲੋਂ ਸਦਾ ਵਾਸਤੇ ਖੋਹਕੇ ਲੈ ਗਈ। ਜੋਰਾ ਸਿੰਘ ਕੁਰੜ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਸਮੇਤ ਕਿਸਾਨ ਲਹਿਰ ਖਾਸ ਕਰ ਭਾਕਿਯੂ ਏਕਤਾ(ਡਕੌਂਦਾ) ਲਈ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਹੈ। ਇਸ ਸਮੇਂ ਭਾਗ ਸਿੰਘ ਕੁਰੜ, ਸੁਖਦੇਵ ਸਿੰਘ ਕੁਰੜ ਨੇ ਕਿਹਾ ਕਿ ਕਿਸਾਨ ਆਗੂ ਜੋਰਾ ਸਿੰਘ ਕੁਰੜ ਦੇ ਇਤਿਹਾਸਕ ਕਿਸਾਨ ਮੋਰਚੇ ਨੂੰ ਸਫ਼ਲ ਬਣਾਉਣ ਵਿੱਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮੇਂ ਜੱਗੀ ਸਿੰਘ,ਚੰਦ ਸਿੰਘ, ਮੋਹਣ ਸਿੰਘ, ਬਲਵੀਰ ਸਿੰਘ, ਹਾਕਮ ਸਿੰਘ, ਬੂਟਾ ਸਿੰਘ,ਜੋਗਾ ਸਿੰਘ, ਜੱਗਾ ਸਿੰਘ ਮਹਿਲਕਲਾਂ, ਪ੍ਰੀਤਮ ਸਿੰਘ ਮਹਿਲਕਲਾਂ, ਆਤਮਾ ਸਿੰਘ,ਗੋਧਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਹਾਜ਼ਰ ਸਨ।