ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 26 ਮਾਰਚ
ਥਾਣਾ ਸਿੱਧਵਾਂਬੇਟ 'ਚ ਤਾਇਨਾਤ ਏਐਸਆਈ ਨਸੀਬ ਚੰਦ ਜੋ ਰਾਤ ਕਰੀਬ 12 ਵਜੇ ਡਿਊਟੀ 'ਤੇ ਚੈਕਿੰਗ ਲਈ ਸਾਥੀ ਪੁਲਿਸ ਮੁਲਾਜ਼ਮਾਂ ਨਾਲ ਜਾ ਰਹੇ ਸਨ, ਦੀ ਕਾਰ ਅਚਾਨਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਏਐਸਆਈ ਨਸੀਬ ਚੰਦ ਪੁਲੀਸ ਮੁਲਾਜ਼ਮ ਨਿਸ਼ਾਨ ਸਿੰਘ ਤੇ ਸਾਹਿਲ ਸਮੇਤ ਰਾਤ ਸਮੇਂ ਚੈਕਿੰਗ ਲਈ ਡਿਊਟੀ ’ਤੇ ਜਾ ਰਹੇ ਸਨ। ਪਿੰਡ ਲੀਲਾ ਤੇ ਬੋਤਲਵਾਲਾ ਵਿਚਕਾਰ ਅਚਾਨਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ ਜਿਸ ਵਿਚ ਏਐਸਆਈ ਨਸੀਬ ਚੰਦ, ਨਿਸ਼ਾਨ ਸਿੰਘ ਤੇ ਸਾਹਿਲ ਤਿੰਨੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਇਲਾਜ ਲਈ ਜਗਰਾਓਂ ਦੇ ਨਿੱਜੀ ਕਲਿਆਣੀ ਹਸਪਤਾਲ 'ਚ ਲਿਆਂਦਾ ਗਿਆ। ਨਸੀਬ ਚੰਦ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਦਯਾਨੰਦ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏਐੱਸਆਈ ਨਸੀਬ ਚੰਦ ਦੀ ਬੇਵਕਤੀ ਮੌਤ 'ਤੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ, ਪੱਤਰਕਾਰ ਭਾਈਚਾਰਾ, ਰਾਜਨੀਤਕ ਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।