ਮਹਿਲਕਲਾਂ 28 ਮਾਰਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੁੱਲਰੀਆਂ ਜ਼ਮੀਨ ਮਾਲਕਾਂ ਦੇ ਮਾਲਕੀ ਹੱਕਾਂ ਲਈ 6 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਚੱਲ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਥੇਬੰਦੀ ਨਾਲ ਵਾਰ-ਵਾਰ ਜ਼ਮੀਨ ਮਾਲਕ ਕਿਸਾਨਾਂ ਦੇ ਪੱਖ ਨੂੰ ਠੀਕ ਮੰਨਦਿਆਂ ਵੀ ਹੱਲ ਨਹੀਂ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਮਹਿਲਕਲਾਂ ਦੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲਕਲਾਂ ਵਿਖੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਸਮੇਂ ਜ਼ਿਲ੍ਹਾ ਆਗੂਆਂ ਜਗਰਾਜ ਸਿੰਘ ਹਰਦਾਸਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਸਿੰਘ ਠੁੱਲੀਵਾਲ ਨੇ ਕੀਤਾ। ਮੀਟਿੰਗ ਦੀ ਸ਼ੁਰੂਆਤ ਕਿਸਾਨ ਆਗੂ ਜੋਰਾ ਸਿੰਘ ਕੁਰੜ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਆਗੂਆਂ ਦੱਸਿਆ ਕਿ ਪੱਕੇ ਮੋਰਚੇ ਨੂੰ ਚੱਲਦਿਆਂ 3 ਮਹੀਨੇ ਦਾ ਸਮਾਂ ਹੋਣ ਵਾਲਾ ਹੈ। ਆਮ ਆਦਮੀ ਪਾਰਟੀ ਦੀ ਸ਼ਹਿ ‘ਤੇ ਕਿਸਾਨਾਂ ਦੀ ਜ਼ਮੀਨ ‘ਤੇ ਕਬਜ਼ਾ ਕਰਨ ਵਾਲੀ ਗੁੰਡਾ ਢਾਣੀ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਸਗੋਂ ਸਿਆਸੀ ਸ਼ਹਿ ਪ੍ਰਾਪਤ ਇਹ ਗੁੰਡਾ ਢਾਣੀ ਵਾਰ-ਵਾਰ ਕੁੱਲਰੀਆਂ ਕਿਸਾਨ ਸੰਘਰਸ਼ ਦੀ ਅਗਵਾਈ ਕਰਨ ਵਾਲੇ ਜ਼ਮੀਨ ਮਾਲਕ ਕਿਸਾਨਾਂ ਉੱਪਰ ਜਾਨਲੇਵਾ ਹਮਲੇ ਕਰਵਾ ਰਿਹਾ ਹੈ। ਆਗੂਆਂ ਸਤਨਾਮ ਸਿੰਘ ਮੂੰਮ, ਸੁਖਦੇਵ ਸਿੰਘ ਕੁਰੜ, ਭਿੰਦਰ ਸਿੰਘ ਮੂੰਮ, ਜਗਰੂਪ ਸਿੰਘ ਗਹਿਲ, ਅੰਗਰੇਜ਼ ਸਿੰਘ ਰਾਏਸਰ, ਸੱਤਪਾਲ ਸਿੰਘ ਸਹਿਜੜਾ ਨੇ ਕਿਹਾ ਕਿ ਸਾਡੀ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ ਸਮੇਤ ਸੂਬਾ ਆਗੂਆਂ ਖ਼ਿਲਾਫ਼ ਪੁਲਿਸ ਨੇ ਝੂਠੇ ਕੇਸ ਦਰਜ਼ ਕੀਤੇ ਹੋਏ ਹਨ। ਇਸ ਲਈ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਧੌਣ ਵਿੱਚ ਅੜਿਆ ਸਿਆਸੀ ਕਿੱਲਾ ਕੱਢਣ ਲਈ 2 ਅਪ੍ਰੈਲ ਨੂੰ ਵੱਡਾ ਇਕੱਠ ਕਰਕੇ ਡੀਸੀ ਅਤੇ ਐਸਐਸਪੀ ਮਾਨਸਾ ਦਾ ਮੁਕੰਮਲ ਘਿਰਾਓ ਕੀਤਾ ਜਾਵੇ। ਬਲਾਕ ਮਹਿਲਕਲਾਂ ਦੀਆਂ ਸਾਰੀਆਂ ਪਿੰਡ ਇਕਾਈਆਂ ਨੇ ਕੁਲਰੀਆਂ ਕਿਸਾਨ ਘੋਲ ਨੂੰ ਪੂਰਨ ਸਮਰਥਨ ਜਾਰੀ ਰੱਖਦਿਆਂ 2 ਅਪ੍ਰੈਲ ਨੂੰ ਮਾਨਸਾ ਵੱਲ ਵਹੀਰਾਂ ਘੱਤਣ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਜੱਗੀ ਸਿੰਘ ਕੁਰੜ, ਚਮਕੌਰ ਸਿੰਘ ਮਹਿਲਕਲਾਂ, ਰਣਜੀਤ ਸਿੰਘ ਬੀਹਲਾ, ਜੱਗੀ ਸਿੰਘ ਰਾਏਸਰ, ਮੁਕੰਦ ਸਿੰਘ ਹਰਦਾਸਪੁਰਾ, ਬਲਵੀਰ ਸਿੰਘ ਮਨਾਲ ਆਦਿ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।