ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 29 ਮਾਰਚ
ਥਾਣਾ ਡਾਬਾ ਦੇ ਇਕ ਇਲਾਕੇ ਅੰਦਰ ਦੋ ਸਕੀਆਂ ਭੈਣਾਂ ਨੇ ਗੁਆਂਢੀ ਦੇ ਸਿਰ ਵਿੱਚ ਡੰਡਿਆਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ ਗੁਆਂਢ ਵਿੱਚ ਰਹਿਣ ਵਾਲਾ ਵਿਅਕਤੀ ਕਿਸੇ ਗੱਲ ਨੂੰ ਲੈ ਕੇ ਲੜਕੀਆਂ ਦੇ ਪਿਤਾ ਨਾਲ ਕੁੱਟਮਾਰ ਕਰ ਰਿਹਾ ਸੀ। ਪਿਤਾ ਨਾਲ ਕੁੱਟਮਾਰ ਹੁੰਦੀ ਦੇਖ ਦੋਵੇਂ ਲੜਕੀਆਂ ਭੜਕ ਗਈਆਂ ਅਤੇ ਡੰਡਿਆਂ ਨਾਲ ਉਸ ਦੇ ਸਿਰ ਤੇ ਤਾਬੜ ਤੋੜ ਵਾਰ ਕੀਤੇ l ਗੰਭੀਰ ਰੂਪ ਵਿੱਚ ਫੱਟੜ ਹੋਏ ਸੁਖਵਿੰਦਰ ਸਿੰਘ ਉਰਫ ਬਬਲੂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਸਮੇਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ l ਆਟੋ ਚਲਾਉਣ ਦਾ ਕੰਮ ਕਰਨ ਵਾਲੇ ਮ੍ਰਿਤਕ ਸੁਖਵਿੰਦਰ ਦੀ ਉਮਰ 38 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਜਦਕਿ ਹਮਲਾ ਕਰਨ ਵਾਲੀਆਂ ਲੜਕੀਆਂ 22 ਅਤੇ 24 ਸਾਲ ਦੀਆਂ ਹਨ l ਬੀਤੀ ਰਾਤ ਡਾਬਾ ਦੇ ਢਿੱਲੋ ਨਗਰ ਵਿੱਚ ਵਾਪਰੀ ਇਸ ਵਾਰਦਾਤ ਤੋਂ ਬਾਅਦ ਥਾਣਾ ਡਾਬਾ ਦੀ ਪੁਲਿਸ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਿਚਕਾਰ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ l ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਵਾਂ ਲੜਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ l