ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 30 ਮਾਰਚ
ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਪੰਜਾਬ ਦੇ ਮਹੱਤਵਪੂਰਨ ਹਲਕਿਆਂ ’ਚੋਂ ਇਕ ਹੈ ਕਿਉਂਕਿ ਵਿਸ਼ਵ ਭਰ ’ਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਬਹੁਤ ਵੱਡੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਹੈ। ਇਸ ਹਲਕੇ ’ਚ ਲੋਕ ਸਭਾ ਦੀ ਚੌਥੀ ਵਾਰ ਚੋਣ ਹੋਣ ਜਾ ਰਹੀ ਹੈ ਕਿਉਂਕਿ 2008 ’ਚ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੀ ਹੱਦਬੰਦੀ ਨੂੰ ਲਾਗੂ ਕਰਨ ਦੇ ਹਿੱਸੇ ਵਜੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕਾ ਹੋਂਦ ’ਚ ਆਇਆ ਸੀ ਜਿਸ ’ਚ 9 ਵਿਧਾਨ ਸਭਾ ਹਲਕੇ ਖੰਨਾ, ਸਮਰਾਲਾ, ਪਾਇਲ, ਸ੍ਰੀ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾ, ਅਮਲੋਹ, ਸਾਹਨੇਵਾਲ, ਰਾਏਕੋਟ ਤੇ ਅਮਰਗੜ੍ਹ ਪੈਂਦੇ ਹਨ। ਇਨ੍ਹਾਂ 9 ਵਿਧਾਨ ਸਭਾ ਹਲਕਿਆਂ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਹੁਣ ਤੱਕ ਹੋਈਆਂ ਤਿੰਨ ਚੋਣਾਂ ਦੌਰਾਨ 2009 ’ਚ ਸੁਖਦੇਵ ਸਿੰਘ ਲਿਬੜਾ ਪਹਿਲੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਨ ਤੇ ਉਹ ਅਕਾਲੀ ਦਲ ਛੱਡ ਕੇ ਕਾਂਗਰਸ ਦੀ ਟਿਕਟ ਤੋਂ ਚੋਣ ਲੜੇ ਸਨ। ਸਾਲ 2014 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖ਼ਾਲਸਾ ਚੋਣ ਜਿੱਤੇ ਸਨ। ‘ਆਪ’ ਵੱਲੋਂ ਲੋਕ ਸਭਾ ਦੀ ਇਹ ਪਹਿਲੀ ਚੋਣ ਲੜੀ ਗਈ ਸੀ ਜਿਸ ’ਚ ਖ਼ਾਲਸਾ ਭਾਰੀ ਬਹੁਮਤ ਨਾਲ ਚੋਣ ਜਿੱਤੇ ਸਨ। ਇਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਟਿਕਟ ਤੋਂ ਸਾਲ 2019 ਦੀ ਚੋਣ ’ਚ ਡਾ. ਅਮਰ ਸਿੰਘ ਚੋਣ ਜਿੱਤੇ ਸਨ। ਸਾਲ 2009 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਉਮੀਦਵਾਰ ਸੁਖਦੇਵ ਸਿੰਘ ਲਿਬੜਾ ਨੂੰ 393557 (46.96 ਫੀਸਦੀ) ਵੋਟਾਂ ਪਈਆਂ ਸਨ। ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 359,258 (42.86 ਫੀਸਦੀ) ਵੋਟਾਂ ਮਿਲੀਆਂ ਸਨ। ਬਹੁਜਨ ਸਮਾਜ ਪਾਰਟੀ ਦੇ ਰਾਏ ਸਿੰਘ ਨੂੰ 65459 (7.81 ਫੀਸਦੀ) ਵੋਟਾਂ ਪਈਆਂ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਕੁਲਵੰਤ ਸਿੰਘ ਸੰਧੂ ਨੂੰ 5262 (0.63 ਫੀਸਦੀ) ਵੋਟਾਂ ਮਿਲੀਆ ਸਨ। ਇਨ੍ਹਾਂ ਚੋਣਾਂ ’ਚ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਮੈਦਾਨ ’ਚ ਨਹੀਂ ਸਨ। ਭਾਜਪਾ ਦਾ ਅਕਾਲੀ ਦਲ ਨਾਲ ਗੱਠਜੋੜ ਸੀ।