ਬੀਬੀਐਨ ਨੈਟਵਰਕ ਪੰਜਾਬ, ਸੰਗਰੂਰ ਬਿਊਰੋ, 30 ਮਾਰਚ
ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ 7 ਮੌਤਾਂ ਵਾਲੇ ਵਿਅਕਤੀਆਂ ਦਾ ਪਿੰਡ ਵਾਸੀਆਂ ਵੱਲੋਂ ਸਮੂਹਿਕ ਭੋਗ ਪਾਏ ਗਏ। ਅੰਤਿਮ ਅਰਦਾਸ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਅਤੇ ਸਮਾਜਿਰ ਸੰਸਥਾਵਾਂ ਦੇ ਆਗੂ ਸ਼ਾਮਿਲ ਹੋਏ। ਇਲਾਕੇ ਦੀ ਸਾਰੀ ਸੰਗਤ ਵੱਲੋਂ ਮਰਨ ਵਾਲੇ ਲੋਕਾਂ ਨੂੰ ਸ਼ਰਧਾਂਜ਼ਲੀ ਦਿੱਤੀ ਗਈ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤਿਮ ਅਰਦਾਸ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਸਰਕਾਰ ਵੱਲੋਂ ਸ਼ਾਮਿਲ ਹੋਏ। ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਅਤੇ ਜੋ ਪਰਿਵਾਰ ਵਾਲੇ ਅਤੇ ਐਕਸ਼ਨ ਕਮੇਟੀ ਵੱਲੋਂ ਮੰਗਾਂ ਰੱਖੀਆਂ ਗਈਆਂ ਸਨ, ਉਹ ਸਭ ਪੂਰੀਆਂ ਕਰ ਦਿੱਤੀਆਂ ਜਾਣਗੀਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਰਿਵਾਰਾਂ ਨਾਲ ਦੁੱਖ ਸਾਂਝਾ ਕਰ ਚੁੱਕੇ ਹਨ। ਇਸ ਦੁੱਖ ਦੀ ਖੜੀ ਵਿੱਚ ਕਈ ਵਿਰੋਧੀ ਪਾਰਟੀਆਂ ਦੇ ਆਗੂ ਸਿਆਸੀ ਰੋਟੀਆਂ ਸੇਕਣ ਆ ਰਹੇ ਹਨ। ਜਦੋਂਕਿ ਉਨ੍ਹਾਂ ਦੀਆਂ ਸਰਕਾਰਾਂ ਸਮੇਂ ਇਸ ਤੋਂ ਵੀ ਵੱਡੇ ਨਕਲੀ ਸ਼ਰਾਬ ਦੇ ਕਾਂਡ ਹੋਏ ਹਨ ਜਿਸ ਵਿੱਚ ਸੈਂਕੜੇ ਜਾਨਾਂ ਗਈਆਂ ਹਨ ਉਸ ਸਮੇਂ ਇਹ ਆਗੂ ਚੁੱਪ ਰਹੇ ਹਨ। ਕਾਂਗਰਸ ਦੀ ਸਰਕਾਰ ਸਮੇਂ ਵੱਡੇ-ਵੱਡੇ ਸ਼ਰਾਬ ਕਾਂਡ ਹੋਏ ਪਰ ਉਨ੍ਹਾਂ ਦੇ ਪੀੜਤ ਪਰਿਵਾਰਾਂ ਦੀ ਕੋਈ ਬਾਂਹ ਨਹੀਂ ਫੜੀ। ਇਸ ਮਾਮਲੇ ਵਿੱਚ ਸਰਕਾਰ ਚੁੱਪ ਦਾ ਬਿਆਨ ਦੇਣ ਵਾਲੇ ਸਿਆਸੀ ਲੋਕਾਂ ਨੂੰ ਇਹ ਵੀ ਪਤਾ ਹੈ ਕਿ ਇਸ ਸਮੇਂ ਚੋਣ ਜ਼ਾਬਤਾ ਲਾਗੂ ਹੈ ਸਰਕਾਰ ਕੁੱਝ ਵੀ ਐਲਾਨ ਨਹੀਂ ਕਰ ਸਕਦੀ ਪਰ ਇਹ ਲੋਕਾਂ ਨੂੰ ਭਟਕਾਉਣ ਤੋਂ ਸਿਵਾਏ ਕੁੱਝ ਨਹੀਂ ਕਰ ਰਹੇ। ਇਸ ਮੌਕੇ ਇੰਪਰੂਮੈਂਟ ਟਰੱਸਟ ਸੰਗਰੂਰ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ, ਅਕਾਲੀ ਦਲ ਦੇ ਕਰਨ ਘੁਮਾਣ, ਗੁਲਜਾਰ ਸਿੰਘ ਮੂਣਕ, ਜਗਦੇਵ ਸਿੰਘ ਗਾਗਾ, ਸਤਨਾਮ ਸਿੰਘ ਸੱਤਾ, ਹਰਪਾਲ ਸਿੰਘ ਖਡਿਆਲ, ਅਜੈਬ ਸਿੰਘ ਰਟੋਲਾਂ, ਮਜ਼ਦੂਰ ਜੱਥੇਬੰਦੀਆਂ ਦੇ ਆਗੂ ਅਤੇ ਹੋਰ ਰਾਜਨੀਚਕ ਪਾਰਟੀਆਂ ਦੇ ਆਗੂ ਹਾਜ਼ਰ ਸਨ।