ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 30 ਮਾਰਚ
ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦੋ ਵਿਧਾਇਕਾਂ ਨੇ ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਨਵੀਂ ਸਿਆਸੀ ਜ਼ਮੀਨ ਤਲਾਸ਼ ਲਈ ਹੈ। ਇਸ ਨਵੀਂ ਜ਼ਮੀਨ ’ਤੇ ਉਨ੍ਹਾਂ ਦੇ ਬੀਜ ਫੁੱਟਣਗੇ ਜਾਂ ਨਹੀਂ, ਇਹ ਤਾਂ ਚਾਰ ਜੂਨ ਨੂੰ ਹੀ ਪਤਾ ਲੱਗੇਗਾ, ਪਰ ਦਿਲਚਸਪ ਗੱਲ ਇਹ ਹੈ ਕਿ ਹਾਲੇ ਤੱਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਨ੍ਹਾਂ ਦੇ ਅਸਤੀਫ਼ੇ ਸਵੀਕਾਰ ਨਹੀਂ ਕੀਤੇ ਹਨ। ਕਾਂਗਰਸ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਅਸਤੀਫ਼ਾ ਦਿੱਤੇ ਦੋ ਹਫ਼ਤੇ ਹੋ ਚੁੱਕੇ ਹਨ ਤੇ ਉਹ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਜਦਕਿ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਵਿਧੀਵਤ ਅਸਤੀਫ਼ਾ ਸਪੀਕਰ ਕੋਲ ਬੀਤੇ ਦਿਨ ਵੀਰਵਾਰ ਨੂੰ ਪੁੱਜਾ ਸੀ। ਕਿਸੇ ਵੀ ਵਿਧਾਇਕ ਦਾ ਅਸਤੀਫ਼ਾ ਮਨਜ਼ੂਰ ਕਰਨ ਦਾ ਅਧਿਕਾਰ ਸਪੀਕਰ ਕੋਲ ਹੈ, ਜੋ ਅਸਤੀਫ਼ਾ ਮਨਜ਼ੂਰ ਕਰ ਕੇ ਚੋਣ ਕਮਿਸ਼ਨ ਨੂੰ ਸੀਟ ਖ਼ਾਲੀ ਹੋਣ ਦੀ ਜਾਣਕਾਰੀ ਦਿੰਦੇ ਹਨ ਤਾਂਕਿ ਉਹ ਛੇ ਮਹੀਨਿਆਂ ਦੇ ਅੰਦਰ-ਅੰਦਰ ਖ਼ਾਲੀ ਹੋਈ ਸੀਟ ’ਤੇ ਚੋਣ ਕਰਵਾ ਸਕਣ। ਜਾਣਕਾਰਾਂ ਦਾ ਮੰਨਣਾ ਹੈ ਕਿ ਨੈਤਿਕਤਾ ਤਾਂ ਇਹੀ ਕਹਿੰਦੀ ਹੈ ਕਿ ਜਦੋਂ ਵੀ ਵਿਧਾਇਕ ਜਾਂ ਸੰਸਦ ਮੈਂਬਰ ਅਸਤੀਫ਼ਾ ਦੇਣ ਤਾਂ ਸਪੀਕਰ ਨੂੰ ਤੁਰੰਤ ਸਵੀਕਾਰ ਕਰ ਕੇ ਉਸ ਨੂੰ ਚੋਣ ਕਮਿਸ਼ਨ ਨੂੰ ਭੇਜਣਾ ਚਾਹੀਦਾ ਹੈ। ਪਰ ਅਕਸਰ ਦੇਖਣ ’ਚ ਆਇਆ ਹੈ ਕਿ ਇਹ ਫ਼ੈਸਲਾ ਸਪੀਕਰ ਸਿਆਸੀ ਸਥਿਤੀਆਂ ਨੂੰ ਦੇਖਦੇ ਹੋਏ ਲੈਂਦੇ ਹਨ। ਅਸਲ ’ਚ ਪਾਰਟੀ ਸਾਹਮਣੇ ਇਹ ਵੀ ਵੱਡੀ ਚੁਣੌਤੀ ਹੈ ਕਿ ਜਿਸ ਤਰ੍ਹਾਂ ਨਾਲ ਕਾਂਗਰਸ, ‘ਆਪ’ ਆਦਿ ਦੇ ਵਿਧਾਇਕਾਂ, ਸੰਸਦ ਮੈਂਬਰਾਂ ਨੇ ਭਾਜਪਾ ਦਾ ਪੱਲਾ ਫੜਨਾ ਸ਼ੁਰੂ ਕਰ ਦਿੱਤਾ ਹੈ ਕਿਤੇ, ਪੰਜਾਬ ’ਚ ਸੰਸਦੀ ਚੋਣਾਂ ਦੇ ਨਾਲ-ਨਾਲ ਕਈ ਜ਼ਿਮਨੀ ਚੋਣਾਂ ਨਾ ਕਰਵਾਉਣੀਆਂ ਪੈਣ। ਕਿਉਂਕਿ ਪੰਜਾਬ ਦੀਆਂ ਸੰਸਦੀ ਚੋਣਾਂ ਆਖ਼ਰੀ ਪੜਾਅ ’ਚ ਹਨ ਜੋਕਿ ਇਕ ਜੂਨ ਨੂੰ ਬਣਦਾ ਹੈ ਅਜਿਹੇ ’ਚ ਚੋਣ ਕਮਿਸ਼ਨ ਕੋਲ ਇਹ ਫ਼ੈਸਲਾ ਲੈਣ ਲਈ ਕਾਫ਼ੀ ਸਮਾਂ ਹੈ ਕਿ ਚੋਣਾਂ ਸੰਸਦੀ ਚੋਣਾਂ ਦੇ ਨਾਲ ਕਰਵਾਈਆਂ ਜਾਣ ਜਾਂ ਬਾਅਦ ’ਚ। ਆਮ ਆਦਮੀ ਪਾਰਟੀ ਇਹ ਜ਼ੋਖ਼ਿਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਪਾਰਟੀ ਨੂੰ ਸੰਸਦੀ ਚੋਣਾਂ ਲੜਵਾਉਣ ਲਈ ਉਮੀਦਵਾਰ ਲੱਭਣ ’ਚ ਕਾਫ਼ੀ ਮਸ਼ੱਕਤ ਕਰਨੀ ਪੈ ਰਹੀ ਹੈ। ਹਾਲੇ ਤੱਕ ਪਾਰਟੀ ਨੇ ਅੱਠ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ’ਚ ਇਕ ਸੁਸ਼ੀਲ ਰਿੰਕੂ ਟਿਕਟ ਮਿਲਣ ਦੇ ਬਾਵਜੂਦ ਭਾਜਪਾ ’ਚ ਸ਼ਾਮਲ ਹੋ ਗਏ ਹਨ। ਇਕ ਕਲਾਕਾਰ, ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਗਈ ਹੈ ਤੇ ਇਕ ਕਾਂਗਰਸ ’ਚੋਂ ‘ਆਪ’ ਵਿਚ ਸ਼ਾਮਲ ਹੋਏ ਗੁਰਪ੍ਰੀਤ ਜੀਪੀ ਨੂੰ ਦਿੱਤੀ ਗਈ ਹੈ। ਪੰਜ ਮੰਤਰੀ ਉਤਾਰੇ ਗਏ ਹਨ। ਯਾਨੀ ਹਾਲੇ ਤੱਕ ਪਾਰਟੀ ਨੇ ਇਕ ਵੀ ਉਮੀਦਵਾਰ ਅਜਿਹਾ ਨਹੀਂ ਉਤਾਰਿਆ ਜੋ ਪਿਛਲੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ। ਅਜਿਹੇ ’ਚ ਜੇਕਰ ਸੰਸਦੀ ਚੋਣ ਦੇ ਨਾਲ-ਨਾਲ ਜ਼ਿਮਨੀ ਚੋਣ ਲਈ ਵੀ ਉਮੀਦਵਾਰ ਲੱਭਣ ’ਚ ਮਸ਼ੱਕਤ ਕਰਨੀ ਪਈ ਤਾਂ ਇਹ ਮੁਸ਼ਕਲ ਹੋਵੇਗੀ।