ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 1 ਅਪ੍ਰੈਲ
ਪੰਜਾਬ ਵਿਚ ਭਾਜਪਾ ਨੂੰ ਜੇ ਛੱਡ ਦਿੱਤਾ ਜਾਵੇ ਤਾਂ ਲੋਕ ਸਭਾ ਚੋਣਾਂ ਵਿਚ ਸਾਰੇ ਸਿਆਸੀ ਦਲਾਂ ਨੂੰ ਸਟਾਰ ਪ੍ਰਚਾਰਕਾਂ ਦੀ ਕਮੀ ਨਾਲ ਦੋ-ਚਾਰ ਹੋਣਾ ਪਵੇਗਾ। ਕਈ ਦਹਾਕਿਆਂ ਤੋਂ ਪੰਜਾਬ ਦੀ ਸਿਆਸਤ ਦੋ ਵੱਡੇ ਚਿਹਰਿਆਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਦੇ ਇਰਦ-ਗਿਰਦ ਘੁੰਮਦੀ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿਚ ਕਾਂਗਰਸ ਦੀ ਵਾਗਡੋਰ ਹੁੰਦੀ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਅਕਾਲੀ ਦਲ ਤੇ ਭਾਜਪਾ ਦੀ। 2019 ਤੋਂ ਲੈ ਕੇ 2024 ਦੀਆਂ ਲੋਕ ਸਭਾ ਚੋਣਾਂ ਵਿਚਾਲੇ ਕਾਫ਼ੀ ਕੁਝ ਬਦਲ ਗਿਆ। ਪ੍ਰਕਾਸ਼ ਸਿੰਘ ਬਾਦਲ ਹੁਣ ਸੰਸਾਰ ਵਿਚ ਨਹੀਂ ਹਨ ਤੇ ਕੈਪਟਨ ਕਾਂਗਰਸ ਛੱਡ ਕੇ ਭਾਜਪਾ ਵਿਚ ਆ ਚੁੱਕੇ ਹਨ। ਕੈਪਟਨ ਸਿਹਤ ਨਾਲ ਜੁੜੇ ਕਾਰਨਾਂ ਕਰ ਕੇ ਸਿਆਸਤ ਵਿਚ ਹਿੱਸਾ ਨਹੀਂ ਲੈ ਰਹੇ ਹਨ। ਬਾਦਲ ਦੇ ਨਾ ਹੋਣ ਕਾਰਨ ਸਭ ਤੋਂ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੇ ਪੁੱਤਰ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਮੋਢਿਆਂ ’ਤੇ ਹੈ। ਦਰਅਸਲ ਮੌਜੂਦਾ ਸਮੇਂ ਵਿਚ ਬਾਦਲ ਦੇ ਕੱਦ ਦਾ ਕੋਈ ਆਗੂ ਪਾਰਟੀ ਵਿਚ ਨਹੀਂ ਹੈ। ਘੱਟ ਜਾਂ ਵੱਧ ਤੌਰ ’ਤੇ ਇਹੀ ਸਥਿਤੀ ਆਮ ਆਦਮੀ ਪਾਰਟੀ ਵਿਚ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਮਗਰੋਂ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਭਗਵੰਤ ਮਾਨ ’ਤੇ ਹੈ। ਕੈਪਟਨ ਦੀ ਮੰਗ ਪੰਜਾਬ ਵਿਚ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਪਿ੍ਰਅੰਕਾ ਵਾਡਰਾ ਨਾਲੋਂ ਵੱਧ ਰਹੀ ਹੈ। ਕੈਪਟਨ ਦਾ ਇਹ ਰਿਕਾਰਡ ਸੀ ਕਿ ਉਹ ਜਿਸ ਵੀ ਖੇਤਰ ਵਿੱਚੋਂ ਚੋਣ ਲੜਦੇ ਹੁੰਦੇ ਸਨ ਤਾਂ ਉਥੇ ਪ੍ਰਚਾਰ ਲਈ ਕੇਂਦਰੀ ਲੀਡਰਸ਼ਿਪ ਨਹੀਂ ਸੱਦਦੇ ਸਨ। 2014 ਵਿਚ ਜਦੋਂ ਕੈਪਟਨ ਨੇ ਭਾਜਪਾ ਦੇ ਕੱਦਾਵਰ ਆਗੂ ਅਰੁਣ ਜੇਤਲੀ ਵਿਰੁੱਧ ਅੰਮ੍ਰਿਤਸਰ ਤੋਂ ਚੋਣ ਲੜੀ ਤਾਂ ਉਦੋਂ ਵੀ ਉਨ੍ਹਾਂ ਨੇ ਕੇਂਦਰੀ ਲੀਡਰਸ਼ਿਪ ਦਾ ਸਹਾਰਾ ਨਹੀਂ ਲਿਆ ਸੀ। ਇਕੱਲੇ ਹੀ ਪ੍ਰਚਾਰ ਕਰ ਕੇ ਉਹ ਚੋਣ ਜਿੱਤੇ ਸਨ। ਇਹੀ ਸਥਿਤੀ ਪ੍ਰਕਾਸ਼ ਸਿੰਘ ਬਾਦਲ ਦੀ ਸੀ। ਅਕਾਲੀ ਦਲ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਬਾਦਲ ਖ਼ੁਦ ਸਨ। ਸ਼ਹਿਰ ਹੋਵੇ ਜਾਂ ਪਿੰਡ ਹੋਵੇ ਬਾਦਲ ਨੁੂੰ ਸੁਣਨ ਲਈ ਲੋਕਾਂ ਦੀ ਭੀੜ ਆਉਂਦੀ ਹੁੰਦੀ ਸੀ। ਅਕਾਲੀ ਦਲ ਦੀ ਪਰੇਸ਼ਾਨੀ ਹੈ ਕਿ ਹੁਣ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਨਹੀਂ ਹੈ। ਗੱਠਜੋੜ ਵਿਚ ਰਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਕਾਲੀ ਦਲ ਲਈ ਪ੍ਰਚਾਰ ਕਰਨ ਆਉਂਦੀ ਰਹੀ ਹੈ। ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿਚ ਜਾਣ ਨਾਲ ਸਾਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੋਢਿਆਂ ’ਤੇ ਹੈ। ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਜੇਲ੍ਹ ਵਿਚ ਹਨ। ਅਜਿਹੇ ਵਿਚ ਮਾਨ ਨੂੰ ਛੱਡ ਦਿੱਤਾ ਜਾਵੇ ਤਾਂ ਪਾਰਟੀ ਕੋਲ ਫ਼ਿਲਹਾਲ ਕੋਈ ਅਜਿਹਾ ਆਗੂ ਨਹੀਂ ਹੈ, ਜੋ ਕਿ ਵੋਟਰਾਂ ਨੂੰ ਆਕਰਸ਼ਿਤ ਕਰ ਸਕਦਾ ਹੋਵੇ। ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅੱਖਾਂ ਦਾ ਆਪ੍ਰੇਸ਼ਨ ਕਰਵਾਉਣ ਲੰਡਨ ਗਏ ਹੋਏ ਹਨ।