ਬੀਬੀਐਨ ਨੈਟਵਰਕ ਪੰਜਾਬ, ਮੋਗਾ ਬਿਊਰੋ, 1 ਅਪ੍ਰੈਲ
ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਮੋਗਾ ਪੁਲਿਸ ਵੱਲੋਂ ਸੋਮਵਾਰ ਨੂੰ ਐਸਐਸਪੀ ਵਿਵੇਕ ਸ਼ੀਲ ਦੀ ਦੇਖ ਰੇਖ ਹੇਠ ਸ਼ਹਿਰ ਵਿੱਚ ਪੁਲਿਸ ਅਤੇ ਬੀਐਸਐਫ਼ ਨੇ ਮਿਲ ਕੇ ਫ਼ਲੈਗ ਮਾਰਚ ਕੱਢਿਆ। ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਪੂਰੀ ਅਮਨ ਸ਼ਾਂਤੀ ਨਾਲ ਨੇਪਰੇ ਚੜਾਉਣ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਚੋਣਾਂ 2024 ਦੇ ਸਬੰਧੀ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਜਿਸ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੋਗਾ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਪੁਲਿਸ ਅਤੇ ਬੀਐਸਐਫ਼ ਦੇ ਜਵਾਨ ਪੂਰੀ ਤਰ੍ਹਾਂ ਸਰਗਰਮ ਹਨ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਚੋਣਾਂ ਦੌਰਾਨ ਸੁਖਾਵਾਂ ਮਾਹੌਲ ਬਣਾਏ ਰੱਖਣ ਲਈ ਤੈਨਾਤ ਹੈ। ਚੋਣਾਂ ਪੂਰੀ ਤਰ੍ਹਾਂ ਨਾਲ ਅਮਨ ਸ਼ਾਂਤੀ ਨਾਲ ਕਰਵਾਈਆਂ ਜਾਣਗੀਆ। ਇਸ ਮੌਕੇ ਪੁਲਿਸ ਨੇ ਲੋਕਾਂ ਤੋਂ ਹਾਲਾਤ ਠੀਕ ਰੱਖਣ ਲਈ ਸਹਿਯੋਗ ਮੰਗਿਆ ਹੈ। ਉਨ੍ਹਾਂ ਦੱਸਿਆ ਕਿ ਮੋਗਾ ਦੇ ਮੇਨ ਪੁਆਇੰਟ 'ਤੇ ਆਉਣ ਵਾਲੇ ਹਰ ਵਾਹਨ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਅਤੇ ਮੋਗਾ ਦੇ ਬੱਸ ਸਟੈਂਡ, ਮੇਨ ਬਜ਼ਾਰ, ਪ੍ਰਤਾਪ ਰੋਡ, ਲਾਲ ਸਿੰਘ ਰੋਡ ਸਮੇਤ ਸ਼ਹਿਰ ਦੇ ਹੋਰ ਭੀੜ-ਭੜੱਕੇ ਵਾਲੇ ਇਲਾਕਿਆਂ ਵਿਖੇ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਗਲਤ ਪੋਸਟ 'ਤੇ ਯਕੀਨ ਨਾ ਕਰਨ ਅਤੇ ਇਸ ਦੀ ਸੂਚਨਾ ਪੁਲਿਸ ਹੈੱਡਕੁਆਰਟਰ ਨੂੰ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਨਜ਼ਰ ਆਉਂਦੇ ਹਨ ਤਾਂ ਐਸ.ਐਸ.ਪੀ.ਮੋਗਾ ਨੇ ਟੋਲ ਫਰੀ ਨੰਬਰ 112 'ਤੇ ਕਾਲ ਕਰਕੇ ਸੂਚਿਤ ਕਰਨ ਲਈ ਕਿਹਾ ਅਤੇ ਸਮੂਹ ਸ਼ਹਿਰ ਵਾਸੀ ਸ਼ਾਂਤੀ ਬਣਾਈ ਰੱਖਣ ਇਹ ਫਲੈਗ ਮਾਰਚ ਸ਼ਹਿਰ ਦੇ ਮੇਨ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ, ਮੁੜ ਮੇਨ ਚੌਂਕ ਵਿਖੇ ਸਮਾਪਤ ਹੋਇਆ।