ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 2 ਅਪ੍ਰੈਲ
ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਕ ਅਜਿਹੇ ਸ਼ਰਾਬੀ ਸਿਪਾਹੀ ਤੇ ਉਸ ਦੇ ਸਾਥੀ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਸ ਨੇ ਲੋਕਾਂ ਵੱਲੋਂ ਮਿਲੀ ਸ਼ਿਕਾਇਤ ’ਤੇ ਪਹੁੰਚੇ ਥਾਣੇਦਾਰ ਦੀ ਵਰਦੀ ਪਾੜ ਦਿੱਤੀ ਤੇ ਦੂਜੇ ਸਾਥੀ ਨੇ ਥਾਣੇਦਾਰ ਨਾਲ ਗਾਲੀ ਗਲੋਚ ਕੀਤਾ। ਐੱਲਆਰ ਥਾਣੇਦਾਰ ਸੁਖਦੇਵ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਚੱਕ ਗੁੱਜਰਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪੀਸੀਆਰ ਮੋਬਾਈਲ ਵਿਚ ਤਾਇਨਾਤ ਹੈ। ਐਤਵਾਰ ਨੂੰ ਉਹ ਆਪਣੇ ਸਾਥੀ ਐੱਲਆਰ ਥਾਣੇਦਾਰ ਸੁਖਵਿੰਦਰ ਸਿੰਘ ਨਾਲ ਡਿਊਟੀ ’ਤੇ ਸੀ ਤਾਂ ਕੰਟਰੋਲ ਰੂਮ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੱਸ ਸਟੈਂਡ ਨਜ਼ਦੀਕ ਇਕ ਵਿਅਕਤੀ ਸ਼ਰਾਬ ਦੇ ਨਸ਼ੇ ਵਿਚ ਖਰੂਦ ਪਾ ਰਿਹਾ ਹੈ ਤੇ ਲੋਕਾਂ ਨਾਲ ਝਗੜਾ ਕਰ ਰਿਹਾ ਹੈ। ਜਦੋਂ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਬਿਨਾਂ ਵਰਦੀ ਦੇ ਉਨ੍ਹਾਂ ਦੇ ਵਿਭਾਗ ਦਾ ਇਕ ਸਾਥੀ ਸਿਪਾਹੀ ਜਸਵੀਰ ਸਿੰਘ ਜਿਸ ਨੂੰ ਵਿਭਾਗ ਵਿਚ ਹੋਣ ਕਾਰਨ ਪਹਿਲਾਂ ਤੋਂ ਹੀ ਜਾਣਦਾ ਸੀ, ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗਾਲੀ ਗਲੋਚ ਕਰਨ ਅਤੇ ਉਨ੍ਹਾਂ ਨਾਲ ਹੱਥੋ ਪਾਈ ਹੋਣ ਲੱਗ ਪਿਆ। ਉਸ ਦੇ ਨਾਲ ਇਕ ਹੋਰ ਸਾਥੀ ਸੰਦੀਪ ਕੁਮਾਰ ਨੇ ਵੀ ਹੱਥੋ ਪਾਈ ਕਰਨੀ ਸ਼ੁਰੂ ਕਰ ਕੇ ਉਸ ਦੀ ਵਰਦੀ ਪਾੜ ਦਿੱਤੀ ਤੇ ਪਹਿਨੀ ਹੋਈ ਵਰਦੀ ਵਾਲੀ ਕਮੀਜ਼ ਦੇ ਦੋ ਬਟਨ ਤੋੜ ਦਿੱਤੇ। ਪੁਲਿਸ ਨੇ ਮੁੱਖ ਸਿਪਾਹੀ ਜਸਵੀਰ ਸਿੰਘ ਤੇ ਉਸ ਦੇ ਸਾਥੀ ਸੰਦੀਪ ਕੁਮਾਰ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।