ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 2 ਅਪ੍ਰੈਲ
ਸ਼ੇਅਰ ਬਾਜ਼ਾਰ ਵਿੱਚ ਪੈਸਾ ਲਗਾ ਕੇ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਸ਼ਾਤਰ ਠੱਗਾ ਨੇ ਲੁਧਿਆਣਾ ਦੇ ਇੱਕ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਕੋਲੋਂ 25 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ l ਮੁਲਜ਼ਮਾਂ ਨੇ ਐਨੀ ਸਫਾਈ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਇੱਕ ਮਹੀਨੇ ਤੱਕ ਤਾਂ ਕਾਰੋਬਾਰੀ ਨੂੰ ਮੁਲਜ਼ਮਾਂ ਦੇ ਮਨਸੂਬਿਆਂ ਦੀ ਭਿਣਕ ਨਾ ਲੱਗੀ l ਜਿਸ ਤਰ੍ਹਾਂ ਹੀ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਤਾਂ ਬਸੰਤ ਐਵਨਿਊ ਦੇ ਰਹਿਣ ਵਾਲੇ ਕਾਰੋਬਾਰੀ ਕਪਿਲ ਢੀੰਗਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ l ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਬਸੰਤ ਐਵਨਿਊ ਦੇ ਰਹਿਣ ਵਾਲੇ ਕਪਿਲ ਢੀੰਗਰਾ ਦੀ ਸ਼ਿਕਾਇਤ ਤੇ ਪੜਤਾਲ ਕਰਨ ਤੋਂ ਬਾਅਦ ਗੁਜਰਾਤ ਦੇ ਰਹਿਣ ਵਾਲੇ ਅਸਲਮ ਮੇਮਨ, ਤਮਿਲਨਾਡੂ ਦੀ ਕੰਪਨੀ ਈਵਰ ਸਪੋਰਟਸ ਟੈਕਨੋਲਜੀ ਪ੍ਰਾਈਵੇਟ ਲਿਮਿਟਡ ਅਤੇ ਚਿਤੌੜਗੜ ਰਾਜਸਥਾਨ ਦੀ ਕੰਪਨੀ ਤਿਰੂਪਤੀ ਬਾਲਾ ਜੀ ਦੇ ਖਿਲਾਫ ਧੋਖਾਧੜੀ ਅਤੇ ਅਪਰਾਧਕ ਸਾਜਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸਟੀਲ ਇੰਡਸਟਰੀ ਦੇ ਕਾਰੋਬਾਰੀ ਕਪਿਲ ਢੀਂਗਰਾ ਨੇ ਦੱਸਿਆ ਕਿ 12 ਦਸੰਬਰ ਨੂੰ ਉਨ੍ਹਾਂ ਦਾ ਮੋਬਾਈਲ ਨੰਬਰ ਇੱਕ ਵਟਸਐਪ ਗਰੁੱਪ ਵਿੱਚ ਐਂਟਰ ਹੋ ਗਿਆ l ਕੁਝ ਸਮੇਂ ਬਾਅਦ ਜਦ ਉਨ੍ਹਾਂ ਨੇ ਗਰੁੱਪ ਤੇ ਨਜ਼ਰ ਮਾਰੀ ਤਾਂ ਗਰੁੱਪ ਦੇ ਮੈਂਬਰ ਅਤੇ ਐਡਮਨ ਸ਼ੇਅਰ ਬਾਜ਼ਾਰ ਵਿੱਚ ਪੈਸੇ ਦੀ ਇਨਵੈਸਟਮੈਂਟ ਦੀ ਗੱਲ ਕਰ ਰਹੇ ਸਨ l ਉਨ੍ਹਾਂ ਚੋਂ ਕਈ ਮੋਟਾ ਮੁਨਾਫਾ ਆਉਣ ਦੀ ਗੱਲ ਵੀ ਆਖ ਰਹੇ ਸਨ l ਇਸੇ ਦੌਰਾਨ ਗਰੁੱਪ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਕਪਿਲ ਢੀਂਗਰਾ ਨੂੰ ਵੀ ਮੋਟਾ ਮੁਨਾਫਾ ਕਮਾਉਣ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਨੂੰ ਇਨਵੈਸਟਮੈਂਟ ਕਰਨ ਲਈ ਆਖਿਆl ਕਪਿਲ ਨੇ ਜਦ ਸ਼ੇਅਰ ਬਾਜ਼ਾਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਪਾਇਆ ਕਿ ਗਰੁੱਪ ਵਿੱਚ ਸਹੀ ਇਨਫੋਰਮੇਸ਼ਨ ਦਿੱਤੀ ਜਾ ਰਹੀ ਸੀ। ਕਪਿਲ ਇਸ ਗੱਲ ਤੋਂ ਬੇਖਬਰ ਸਨ ਕਿ ਪੂਰਾ ਗਿਰੋਹ ਉਨ੍ਹਾਂ ਨੂੰ ਸ਼ਿਕਾਰ ਬਣਾਉਣ ਲਈ ਸ਼ਿਕੰਜਾ ਕੱਸ ਰਿਹਾ ਹੈl ਮੁਲਜ਼ਮਾਂ ਦੇ ਝਾਂਸੇ ਵਿੱਚ ਆਉਣ ਤੇ ਕਪਿਲ ਨੇ 16 ਜਨਵਰੀ ਤੱਕ 25 ਲੱਖ ਰੁਪਏ ਇਨਵੈਸਟ ਕਰ ਦਿੱਤੇ l ਇਸੇ ਦੌਰਾਨ ਉਨਾਂ ਨੇ 6 ਲੱਖ ਰੁਪਏ ਆਪਣੀ ਪਤਨੀ ਦੇ ਵੀ ਲਗਾ ਦਿੱਤੇ l ਸ਼ੱਕ ਪੈਣ ਤੇ ਜਦ ਕਪਿਲ ਢੀੰਗਰਾ ਨੇ ਆਪਣੇ ਜ਼ਰੀਏ ਜਾਂਚ ਕੀਤੀ ਤਾਂ ਇਸ ਸਨਸਨੀਖੇਜ ਮਾਮਲੇ ਦਾ ਖੁਲਾਸਾ ਹੋਇਆ l