ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 2 ਅਪ੍ਰੈਲ
ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਇੱਥੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਉਨ੍ਹਾਂ ਨੇ ਭਾਜਪਾ ਨੂੰ ਪੰਜਾਬ ’ਚ ਨਵੀਂ ਕਾਂਗਰਸ ਕਰਾਰ ਦਿੰਦਿਆਂ ਤੇ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਪਾਰਟੀ ਹੈ ਜੋ ਆਉਂਦੀਆਂ ਸੰਸਦੀ ਚੋਣਾਂ ਸਿਧਾਂਤਾਂ ’ਤੇ ਲੜ ਰਹੀ ਹੈ। ਉਨ੍ਹਾਂ ਅੱਜ ਸ਼ਹਿਰ ਵਿਚ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕੀਤੀ, ਜਿੱਥੇ ਵੱਡੀ ਗਿਣਤੀ ਵਿਚ ਕਾਂਗਰਸ ਦੇ ਵਰਕਰ ਅਕਾਲੀ ਦਲ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਦਿੱਲੀ ਵਿਚ ਸਾਂਝੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਪੰਜਾਬ ਵਿਚ ਵੱਖ-ਵੱਖ ਚੋਣਾਂ ਲੜ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਬਠਿੰਡਾ ਦੇ ਐੱਮਪੀ ਨੇ ਸੰਕੇਤ ਦਿੱਤੇ ਕਿ ਭਾਜਪਾ ਨੇ ਵੀ ਚੋਣਾਂ ਲੜਨ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਜਪਾ ਨਵੀਂ ਕਾਂਗਰਸ ਪਾਰਟੀ ਬਣ ਗਈ ਹੈ ਕਿਉਂਕਿ ਇਸ ਵੱਲੋਂ ਆਗੂ ਤੇ ਵਰਕਰਾਂ ਨੂੰ ਦਰਾਮਦ ਕੀਤਾ ਜਾ ਰਿਹਾ ਹੈ ਤੇ ਲੋਕ ਸਭਾ ਚੋਣਾਂ ਲਈ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਨਾਲ ਕਿਸੇ ਤਰੀਕੇ ਸੱਤਾ ਹਥਿਆਉਣ ਵਾਸਤੇ ਕੀਤਾ ਜਾ ਰਿਹਾ ਹੈ। ਬੀਬੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਇਹ ਦੋਗਲੀ ਖੇਡ ਵੇਖ ਲਈ ਹੈ। ਸਿਰਫ਼ ਅਕਾਲੀ ਦਲ ਹੀ ਸਿਧਾਂਤਾਂ ’ਤੇ ਡਟਿਆ ਹੈ। ਅਸੀਂ ਸੱਤਾ ਛੱਡ ਸਕਦੇ ਹਾਂ ਪਰ ਕਦੇ ਵੀ ਆਪਣੇ ਸਿਧਾਂਤਾਂ ’ਤੇ ਸਮਝੌਤਾ ਨਹੀਂ ਕਰ ਸਕਦੇ। ਅਸੀਂ ਕਿਸਾਨਾਂ ਤੇ ਗ਼ਰੀਬਾਂ ਦੇ ਨਾਲ ਹਾਂ ਤੇ ਕਿਸੇ ਸੱਤਾ ਪਿੱਛੇ ਨਹੀਂ ਹਾਂ। ਅਸੀਂ ਕਿਸਾਨਾਂ ਤੇ ਗ਼ਰੀਬਾਂ ਵਾਸਤੇ ਸੰਘਰਸ਼ ਕਰਦੇ ਰਹਾਂਗੇ ਜਦੋਂ ਤਕ ਉਨ੍ਹਾਂ ਨੂੰ ਨਿਆਂ ਨਹੀਂ ਮਿਲ ਜਾਂਦਾ। ਹਰਸਿਮਰਤ ਕੌਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀਆਂ ਇੱਛਾਵਾਂ ਦੀ ਪ੍ਰਤੀਨਿਧਤਾ ਕਰਦਾ ਰਹੇਗਾ ਤੇ ਕਦੇ ਵੀ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਹਲਕੇ ਤੇ ਸ਼ਹਿਰ ਨੂੰ ਕਾਂਗਰਸ ਤੇ ‘ਆਪ’ ਦੋਵਾਂ ਸਰਕਾਰਾਂ ਨੇ ਪਿਛਲੇ ਸੱਤ ਸਾਲਾਂ ਵਿਚ ਅਣਡਿੱਠ ਕੀਤਾ ਹੈ। ਪਿਛਲੇ ਸੱਤ ਸਾਲਾਂ ਵਿਚ ਦੋਵੇਂ ਪਾਰਟੀਆਂ ਸ਼ਹਿਰ ਵਿਚ ਇਕ ਵੀ ਵੱਡਾ ਪ੍ਰਾਜੈਕਟ ਲਿਆਉਣ ਵਿਚ ਨਾਕਾਮ ਰਹੀਆਂ ਹਨ। ਸ਼ਹਿਰ ਦੇ ਦੌਰੇ ਦੌਰਾਨ ਵੱਡੀ ਗਿਣਤੀ ਵਿਚ ਲੋਕ ਖ਼ਾਸ ਤੌਰ ’ਤੇ ਔਰਤਾਂ ਨੇ ਬੀਬੀ ਬਾਦਲ ਨਾਲ ਮੁਲਾਕਾਤ ਕੀਤੀ ਤੇ ਦੱਸਿਆ ਕਿ ਕਿਵੇਂ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਮੌਜੂਦਾ ‘ਆਪ’ ਦੇ ਰਾਜ ਵਿਚ ਬੁਨਿਆਦੀ ਸ਼ਹਿਰੀ ਸਹੂਲਤਾਂ ਦੇ ਹਾਲਾਤ ਵੀ ਬਦਤਰ ਹੋਏ ਪਏ ਹਨ। ਔਰਤਾਂ ਨੇ ਦੱਸਿਆ ਕਿ ਕਈ ਸਾਲਾਂ ਤੋਂ ਗਲੀਆਂ ਦੀ ਮੁਰੰਮਤ ਨਹੀਂ ਹੋਈ ਤੇ ਨਾ ਹੀ ਸਟ੍ਰੀਟ ਲਾਈਟਾਂ ਚਲਦੀਆਂ ਹਨ। ਉਨ੍ਹਾਂ ਇਹ ਵੀ ਸ਼ਿਕਾਇਤ ਕੀਤੀ ਕਿ ਜਲ ਸਪਲਾਈ ਤੇ ਸੀਵਰੇਜ ਦੀ ਸਹੂਲਤ ਦਾ ਵੀ ਹਾਲ ਮਾੜਾ ਹੈ ਜਿਸ ਕਾਰਨ ਮੌਨਸੂਨ ਦੇ ਦਿਨਾਂ ਵਿਚ ਹੜ੍ਹ ਆ ਜਾਂਦੇ ਹਨ।