ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 2 ਅਪ੍ਰੈਲ
ਥਾਣਾ ਨੰਬਰ ਛੇ ਦੀ ਹੱਦ ’ਚ ਪੈਂਦੇ ਬੂਟਾ ਪਿੰਡ ਰਾਤ ਬੰਬੀਹਾ ਗੈਂਗ ਨੇ ਪੰਜਾਬੀ ਗਾਇਕ ਸਾਹਿਲ ਸ਼ਾਹ ਦੇ ਘਰ ’ਤੇ ਗੋਲ਼ੀਆਂ ਚਲਾ ਕੇ ਦਹਿਸ਼ਤ ਫੈਲਾ ਦਿੱਤੀ। ਪਿਛਲੇ ਦੋ-ਤਿੰਨ ਦਿਨਾਂ ਤੋਂ ਗਾਇਕ ਨੂੰ ਬੰਬੀਹਾ ਗੈਂਗ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਕਿ ਉਹ ਉਨ੍ਹਾਂ ਦੇ ਗੈਂਗ ਨੂੰ ਪ੍ਰਮੋਟ ਕਰਨ ਵਾਲੇ ਗੀਤ ਲਿਖਣ ਤੇ ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਅਣਪਛਾਤੇ ਗੈਂਗਸਟਰ ਨੇ ਗਾਇਕ ਦੇ ਘਰ ’ਤੇ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਗਾਇਕ ਸਾਹਿਲ ਸ਼ਾਹ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਦੇ ਮੋਬਾਈਲ ’ਤੇ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆ ਰਹੇ ਸਨ। ਗਾਇਕ ਨੇ ਦੋਸ਼ ਲਾਇਆ ਕਿ ਉਸ ਨੂੰ ਧਮਕੀਆਂ ਦੇਣ ਵਾਲੇ ਲੋਕ ਆਪਣੇ ਆਪ ਨੂੰ ਬੰਬੀਹਾ ਗੈਂਗ ਦੇ ਮੈਂਬਰ ਦੱਸ ਰਹੇ ਸਨ। ਉਹ ਉਸ ’ਤੇ ਆਪਣੇ ਗੈਂਗ ਨੂੰ ਉਤਸ਼ਾਹਤ ਕਰਨ ਵਾਲੇ ਗੀਤ ਲਿਖਣ ਲਈ ਦਬਾਅ ਬਣਾ ਰਹੇ ਹਨ। ਜੇਕਰ ਉਹ ਨਾਂਹ ਕਰਦਾ ਤਾਂ ਉਸ ਨੂੰ ਲਗਾਤਾਰ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਹ ਐਤਵਾਰ ਰਾਤ ਨੂੰ ਚੰਡੀਗੜ੍ਹ ਤੋਂ ਜਲੰਧਰ ਪਹੁੰਚਿਆ ਸੀ ਤੇ ਕੁਝ ਸਮੇਂ ਬਾਅਦ ਉਸ ਦੇ ਘਰ ਦੇ ਬਾਹਰ ਗੇਟ ’ਤੇ ਗੋਲ਼ੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਉਹ ਬਾਹਰ ਪਹੁੰਚਿਆ ਤਾਂ ਦੇਖਿਆ ਕਿ ਮੋਟਰਸਾਈਕਲ ਸਵਾਰ ਚਾਰ ਨੌਜਵਾਨ ਰੌਲਾ ਪਾਉਂਦੇ ਹੋਏ ਫ਼ਰਾਰ ਹੋ ਗਏ ਸਨ। ਇਸ ਤੋਂ ਬਾਅਦ ਜਦੋਂ ਉਸ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਤਾਂ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਉਸ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ 6 ਦੇ ਮੁਖੀ ਸਬ-ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਗੈਂਗਸਟਰਾਂ ਨੇ ਪੰਜਾਬੀ ਗਾਇਕ ਸਾਹਿਲ ਸ਼ਾਹ ਦੇ ਘਰ ’ਤੇ ਦੋ ਗੋਲ਼ੀਆਂ ਚਲਾਈਆਂ ਹਨ। ਗਾਇਕ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਨੰਬਰ 6 ’ਚ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਤਕਨੀਕੀ ਜਾਂਚ ਦੌਰਾਨ ਪੁਲਿਸ ਨੂੰ ਗੈਂਗਸਟਰਾਂ ਦੀ ਸੀਸੀਟੀਵੀ ਫੁਟੇਜ ਮਿਲੀ ਹੈ, ਹਾਲਾਂਕਿ ਉਹ ਜਿਨ੍ਹਾਂ ਮੋਟਰਸਾਈਕਲਾਂ ’ਤੇ ਆਏ ਸਨ, ਉਨ੍ਹਾਂ ਦੇ ਨੰਬਰਾਂ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਪੁਲਿਸ ਦਾਅਵਾ ਕਰ ਰਹੀ ਹੈ ਕਿ ਉਹ ਜਲਦ ਹੀ ਇਸ ਸੰਜੀਦਾ ਅਪਰਾਧ ਨੂੰ ਟ੍ਰੇਸ ਕਰ ਕੇ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਡੱਕ ਦੇਵੇਗੀ। ਫਿਲਹਾਲ ਪੁਲਿਸ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰੀਆਂ ਦੀ ਫੁਟੇਜ ਖੰਘਾਲਣ ’ਚ ਜੁਟੀ ਹੋਈ ਹੈ।