ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 2 ਅਪ੍ਰੈਲ
ਸ਼ਹਿਰ ਦੇ ਮੁਹੱਬਤ ਨਗਰ ਇਲਾਕੇ 'ਚ ਦੇਰ ਰਾਤ ਮੰਦਰ ਦੀ ਸੇਵਾ ਤੋਂ ਬਾਅਦ ਆਪਣੇ ਘਰ ਜਾ ਰਹੇ ਦੋ ਭਰਾਵਾਂ 'ਤੇ ਐਕਟਿਵਾ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਘਟਨਾ ਵਾਪਰੀ ਹੈ ਜਿਸ ਵਿਚ ਦੋਵੇਂ ਭਰਾ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖਲ ਕਰਵਾਇਆ ਗਿਆ। ਇੱਥੇ ਡਿਊਟੀ ਡਾਕਟਰ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਦੋਵਾਂ ਨੂੰ ਜਲੰਧਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਟੈਂਗੋ 7 ਤੇ ਸਿਟੀ ਥਾਣਾ 2 ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਲਦ ਹੀ ਹਮਲਾਵਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਜਾਣਕਾਰੀ ਅਨੁਸਾਰ ਮਨੀ ਕੁਮਾਰ ਤੇ ਡੈਨੀ ਕੁਮਾਰ ਪੁੱਤਰ ਰਾਮਲਾਲ ਵਾਸੀ ਮੁਹੱਬਤ ਨਗਰ ਸ੍ਰੀ ਸਤਿਆਨਾਰਾਇਣ ਮੰਦਰ ਤੋਂ ਧਾਰਮਿਕ ਪ੍ਰੋਗਰਾਮ ਦੀ ਸੇਵਾ ਕਰ ਕੇ ਘਰ ਆ ਰਹੇ ਸਨ। ਜਿਵੇਂ ਹੀ ਉਹ ਰੇਲਵੇ ਰੋਡ 'ਤੇ ਆਈਡੀਬੀਆਈ ਬੈਂਕ ਨੇੜੇ ਗਲੀ 'ਚ ਦਾਖਲ ਹੋਇਆ ਤਾਂ ਐਕਟਿਵਾ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਦੋਹਾਂ ਭਰਾਵਾਂ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਵੀ ਉੱਠ ਕੇ ਬਾਹਰ ਆ ਗਏ ਜਿਸ ਕਾਰਨ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੀ ਘਟਨਾ ਸਬੰਧੀ ਆਲੇ-ਦੁਆਲੇ ਦੇ ਲੋਕਾਂ ਵਲੋ ਕੰਟਰੋਲ ਰੂਮ ਨੂੰ ਸੂਚਿਤ ਕਰਨ ਤੋਂ ਬਾਅਦ ਪੀਸੀਆਰ ਟੈਂਗੋ 7 ਤੇ ਸਿਟੀ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗੰਭੀਰ ਜ਼ਖ਼ਮੀ ਹੋਏ ਦੋਵਾਂ ਭਰਾਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਿਊਟੀ ਡਾਕਟਰ ਨੇ ਰੈਫਰ ਕਰ ਦਿੱਤਾ ਹੈ ਜੋ ਹੁਣ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ। ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਮਲਾਵਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।