ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 03 ਅਪ੍ਰੈਲ
ਵਿਹਾਰ ਰਾਹੋ ਰੋਡ ਇਲਾਕੇ ਵਿਚ ਸ਼ਰਾਬੀ ਪਤੀ ਨੇ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ। ਸ਼ਰਾਬੀ ਮੁਲਜ਼ਮ ਪਤੀ ਨੇ ਪਤਨੀ ਦੀ ਜਾਨ ਮਹਿਜ਼ ਇਸ ਕਾਰਨ ਲਈ ਕਿ ਉਸ ਦੀ ਘਰਵਾਲੀ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ। ਮਿ੍ਰਤਕਾ ਦੀ ਪਛਾਣ ਮਾਨਿਆ ਸ਼੍ਰੀ ਦੇ ਰੂਪ ਵਿੱਚ ਹੋਈ ਹੈ, ਜਦ ਕਿ ਮੁਲਜ਼ਮ ਦਾ ਨਾਂ ਮਨ ਸਿੰਘ ਦੱਸਿਆ ਜਾਂਦਾ ਹੈ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਮਾਨਿਆ ਸ੍ਰੀ ਮੂਲ ਰੂਪ ਵਿਚ ਉੱਤਰ ਪ੍ਰਦੇਸ਼ ਦੇ ਹਰਦੋਈ ਦੀ ਰਹਿਣ ਵਾਲੀ ਹੈ ਅਤੇ ਕਰੀਬ 12 ਸਾਲ ਪਹਿਲਾਂ ਉਹ ਪਤੀ ਨਾਲ ਲੁਧਿਆਣਾ ਆਈ। ਲੁਧਿਆਣਾ ਆ ਕੇ ਉਸ ਨੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਪਤੀ ਨਾਲ ਮਿਲ ਕੇ ਪਰਿਵਾਰ ਨੂੰ ਚਲਾਉਣ ਲਈ ਕਿਸੇ ਫੈਕਟਰੀ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕਾ ਦੀਆਂ 13 ਅਤੇ 12 ਸਾਲ ਦੀਆਂ ਦੋ ਧੀਆਂ ਹਨ ਜੋ ਆਪਣੇ ਦਾਦਕੇ ਪਿੰਡ ਬਜ਼ੁਰਗਾਂ ਕੋਲ ਰਹਿ ਰਹੀਆਂ ਹਨ ਜਦ ਕਿ ਸੱਤ ਅਤੇ ਚਾਰ ਸਾਲ ਦੇ ਦੋ ਪੁੱਤਰ ਮਾਂ ਪਿਓ ਨਾਲ ਪੇ੍ਰਮ ਵਿਹਾਰ ਦੇ ਘਰ ਵਿੱਚ ਹੀ ਰਹਿ ਰਹੇ ਸਨ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ ਹੈ ਅਤੇ ਮੁਲਜ਼ਮ ਮਾਨ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।