ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 3 ਅਪ੍ਰੈਲ
ਲੁਧਿਆਣਾ ਦੇ ਇਕ ਟਰੈਵਲ ਏਜੰਟ ਨੇ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 47 ਲੱਖ ਰੁਪਏ ਦੀ ਧੋਖਾਧੜੀ ਕੀਤੀ l ਇਸ ਮਾਮਲੇ 'ਚ ਥਾਣਾ ਡੇਹਲੋ ਦੀ ਪੁਲਿਸ ਨੇ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਗੁਰਿੰਦਰ ਪਾਲ ਸਿੰਘ ਦੀ ਸ਼ਿਕਾਇਤ 'ਤੇ ਸਰਾਭਾ ਨਗਰ ਵਾਸੀ ਗੌਰਵ ਸੂਦ ਖਿਲਾਫ਼ ਕੇਸ ਦਰਜ ਕਰ ਲਿਆ ਹੈ। 28 ਫਰਵਰੀ 2022 ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਸੁਨਪ੍ਰੀਤ ਸਿੰਘ ਨੇ ਵਿਦੇਸ਼ ਜਾਣਾ ਸੀ l ਸਾਲ 2021 'ਚ ਉਨ੍ਹਾਂ ਟਰੈਵਲ ਏਜੰਟ ਗੌਰਵ ਸੂਦ ਨਾਲ ਸੰਪਰਕ ਕੀਤਾ l ਮੁਲਜ਼ਮ ਨੇ ਲੜਕੇ ਨੂੰ ਬੜੀ ਆਸਾਨੀ ਨਾਲ ਕੈਨੇਡਾ ਭੇਜਣ ਦੀ ਗੱਲ ਆਖੀ ਤੇ ਉਨ੍ਹਾਂ ਕੋਲੋਂ 47 ਲੱਖ ਰੁਪਏ ਹਾਸਲ ਕਰ ਲਏl ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਨੇ ਨਾ ਤਾਂ ਲੜਕੇ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਰਕਮ ਵਾਪਸ ਕੀਤੀ l ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲਿਸ ਨੇ ਗੌਰਵ ਸੂਦ ਦੇ ਖਿਲਾਫ ਇਮੀਗ੍ਰੇਸ਼ਨ ਐਕਟ ਅਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।