ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 3 ਅਪ੍ਰੈਲ
ਥਾਣਾ ਸਦਰ ਅਧੀਨ ਪੈਂਦੇ ਫਤਿਹਗੜ੍ਹ ਚੂੜੀਆਂ ਰੋਡ ’ਤੇ ਰਹਿਣ ਵਾਲੀ ਇਕ ਔਰਤ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਜਾਂਚ ਤੋਂ ਬਾਅਦ ਪੁਲਿਸ ਨੇ ਪਵਨਦੀਪ ਸਿੰਘ ਨਾਂ ਦੇ ਨੌਜਵਾਨ ਖਿਲਾਫ ਔਰਤ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ। ਮਿ੍ਰਤਕਾ ਦੇ ਪਤੀ ਸੁਨੀਲ ਕੁਮਾਰ ਨੇ ਥਾਣਾ ਸਦਰ ਦੀ ਪੁਲਿਸ ਨੂੰ ਦੱਸਿਆ ਕਿ ਪਵਨਦੀਪ ਸਿੰਘ ਨਾਂ ਦਾ ਨੌਜਵਾਨ ਉਸ ਦੀ ਪਤਨੀ ਨੂੰ ਤੰਗ ਕਰਦਾ ਸੀ। ਜਦੋਂ ਉਸ ਨੇ ਆਪਣੀ ਪਤਨੀ ਤੋਂ ਪਰੇਸ਼ਾਨੀ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਵਨਦੀਪ ਹਰ ਰੋਜ਼ ਉਸ ਦਾ ਪਿੱਛਾ ਕਰਦਾ ਹੈ। ਇਕ ਦਿਨ ਪਵਨਦੀਪ ਉਨ੍ਹਾਂ ਦੇ ਘਰ ਵੀ ਪਹੁੰਚ ਗਿਆ ਸੀ। ਉਸ ਨੇ ਦੱਸਿਆ ਕਿ ਸ਼ਨਿਚਰਵਾਰ ਨੂੰ ਉਸ ਦੀ ਪਤਨੀ ਫੈਕਟਰੀ ਗਈ ਅਤੇ ਵਾਪਸ ਨਹੀਂ ਆਈ। ਉਹ ਆਪਣੇ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰਾਂ ਦੇ ਘਰ ਆਪਣੀ ਪਤਨੀ ਦੀ ਭਾਲ ਕਰਦਾ ਰਿਹਾ। ਐਤਵਾਰ ਨੂੰ ਉਸ ਨੂੰ ਪੁਲਿਸ ਰਾਹੀਂ ਪਤਾ ਲੱਗਾ ਕਿ ਪਤਨੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।