ਬੀਬੀਐਨ ਨੈਟਵਰਕ ਪੰਜਾਬ, ਬਠਿੰਡਾ ਬਿਊਰੋ, 3 ਅਪ੍ਰੈਲ
ਹਰ ਚੋਣ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਸੂਬੇ ਦੇ ਧਰਤੀ ਹੇਠਲੇ ਪੀਣ ਵਾਲੇ ਦੇ ਲਗਾਤਾਰ ਪਲੀਤ ਹੋਣ ਦੀ ਗੱਲ ਤਾਂ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਿਆਸੀ ਪਾਰਟੀਆਂ ਦੇ ਆਗੂ ਚੋਣ ਲੜਨ ਸਮੇਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ ਪਰ ਚੋਣ ਖ਼ਤਮ ਹੋਣ ਬਾਅਦ ਮੁੜ ਉਨ੍ਹਾਂ ਮੁੱਦਿਆਂ ’ਤੇ ਚੁੱਪ ਵੱਟ ਲੈਂਦੇ ਹਨ। ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਸਿਰਫ਼ ਲਾਰੇ ਹੀ ਰਹਿ ਜਾਂਦੇ ਹਨ। ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਆਮ ਲੋਕ ਵੀ ਨਿੱਜੀ ਸਵਾਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ ਅਤੇ ਉਹ ਸਿਹਤ ਨਾਲ ਜੁੜੇ ਅਜਿਹੇ ਗੰਭੀਰ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੇ। ਮਾਲਵਾ ਖੇਤਰ ਵਿਚ ਲੋਕਾਂ ਨੂੰ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਕਈ ਕਿਸਮ ਦੀਆਂ ਗੰਭੀਰ ਬਿਮਾਰੀਆਂ ਨੇ ਘੇਰਿਆ ਹੋਇਆ ਹੈ। ਹੁਣ ਪੰਜਾਬ ’ਚ ਲੋਕ ਸਭਾ ਚੋਣ ਦਾ ਐਲਾਨ ਹੋ ਚੁੱਕਾ ਹੈ ਅਤੇ ਦੇਖਣਾ ਹੋਵੇਗਾ ਕਿ ਪੀਣ ਵਾਲੇ ਸ਼ੁੱਧ ਪਾਣੀ ਦੇ ਇਸ ਮੁੱਦੇ ਨੂੰ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਲੈਂਦੀਆਂ ਹਨ। ਮਾਲਵਾ ਖੇਤਰ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਜਦੋਂ ਕਿ ਫ਼ਸਲਾਂ ਲਈ ਵੀ ਇਹ ਪਾਣੀ ਚੰਗਾ ਨਹੀ ਹੈ। ਧਰਤੀ ਹੇਠਲੇ ਪਾਣੀ ਵਿਚ ਸਿਹਤ ਲਈ ਖ਼ਤਰਨਾਕ ਕਈ ਕਿਸਮ ਦੇ ਤੱਤਾਂ ਦੀ ਬਹੁਤਾਤ ਪਾਈ ਜਾ ਰਹੀ ਹੈ। ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਪਾਈ ਗਈ ਹੈ। ਮਾਲਵਾ ਖੇਤਰ ਦੀ ਵੱਡੀ ਗਿਣਤੀ ਵਸੋਂ ਅਜੇ ਵੀ ਧਰਤੀ ਹੇਠਲਾ ਅਸ਼ੁੱਧ ਪਾਣੀ ਪੀਣ ਲਈ ਮਜਬੂਰ ਹੈ। ਇਸ ਦਾ ਹੀ ਨਤੀਜਾ ਹੈ ਕਿ ਮਾਲਵੇ ਦੇ ਲੋਕ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆ ਰਹੇ ਹਨ। ਹਰ ਚੋਣ ਮੌਕੇ ਸਿਆਸੀ ਪਾਰਟੀਆਂ ਧਰਤੀ ਹੇਠਲੇ ਪੀਣ ਵਾਲੇ ਪਾਣੀ ਦੀ ਗੱਲ ਤਾਂ ਕਰਦੀਆਂ ਹਨ ਪਰ ਚੋਣਾਂ ਤੋਂ ਬਾਅਦ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਸਿਆਸੀ ਪਾਰਟੀਆਂ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਵਾਅਦੇ ਤਾਂ ਕਰਦੀਆਂ ਹਨ ਪਰ ਪਾਣੀ ਦੇ ਇਸ ਗੰਭੀਰ ਮੁੱਦੇ ’ਤੇ ਕੋਈ ਨਹੀਂ ਬੋਲਦਾ। ਹਾਲਾਤ ਇਹ ਹਨ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਵਾਂਗ ਆਮ ਲੋਕ ਵੀ ਆਪਣੇ ਨਿੱਜੀ ਸਵਾਰਥਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਜ਼ਹਿਰ ਬਣਦੇ ਜਾ ਰਹੇ ਧਰਤੀ ਹੇਠਲੇ ਪਾਣੀ ਜਿਹੇ ਗੰਭੀਰ ਮੁੱਦਿਆਂ ’ਤੇ ਵੀ ਚੋਣਾਂ ਸਮੇਂ ਕੋਈ ਬਹੁਤੀ ਚਰਚਾ ਨਹੀਂ ਹੁੰਦੀ। ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਸਮੇਤ ਵੱਡੀ ਗਿਣਤੀ ਬੁੱਧੀਜੀਵੀ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਪੰਜਾਬ ਦੇ ਇਸ ਗੰਭੀਰ ਮੁੱਦੇ ਦੇ ਹੱਲ ਲਈ ਇਸ ਨੂੰ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਨ। ਹੁਣ ਸੀਚੇਵਾਲ ਖ਼ੁਦ ਰਾਜ ਸਭਾ ਵਿਚ ਮੈਂਬਰ ਹਨ ਅਤੇ ਦੇਖਣਾ ਹੋਵੇਗਾ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਉਹ ‘ਆਪ’ ਦੇ ਚੋਣ ਮੈਨੀਫੈਸਟੋ ਵਿਚ ਇਹ ਮੁੱਦਾ ਸ਼ਾਮਲ ਕਰਵਾਉਂਦੇ ਹਨ ਕਿ ਨਹੀਂ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ’ਚ ਲੋਕਾਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਮਾਲਵਾ ’ਚ ਸ਼ੁੱਧ ਪਾਣੀ ਦੇਣ ਦੇ ਵਾਅਦੇ ਕੀਤੇ ਸਨ ਪਰ ਮੁੜ ਦੋਵਾਂ ਹੀ ਪਾਰਟੀਆਂ ਨੇ ਇਸ ’ਤੇ ਗੌਰ ਨਹੀਂ ਕੀਤਾ। ਭਾਵੇਂ ਮਾਲਵਾ ਖੇਤਰ ’ਚ ਲੋਕਾਂ ਨੇ ਪਾਣੀ ਸ਼ੁੱਧ ਕਰਨ ਲਈ ਘਰਾਂ ਵਿਚ ਆਰਓ ਲਗਾਏ ਹਨ ਪਰ ਯੂਰੇਨੀਅਮ ਦੀ ਜਾਂਚ ਕਰਨ ਵਾਲੀਆਂ ਸੰਸਥਾਵਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਆਰਓ ਪਾਣੀ ’ਚੋਂ ਯੂਰੇਨੀਅਮ ਨੂੰ ਸਾਫ਼ ਨਹੀਂ ਕਰ ਸਕਦਾ। ਅਸ਼ੁੱਧ ਪਾਣੀ ਦਾ ਹੀ ਸਿੱਟਾ ਹੈ ਕਿ ਮਾਲਵਾ ਦੇ ਲੋਕਾਂ ਨੂੰ ਗੰਭੀਰ ਰੋਗਾਂ ਨੇ ਘੇਰਿਆ ਹੋਇਆ ਹੈ। ਭਾਵੇਂ ਪਾਣੀ ਵਿਚ ਯੂਰੇਨੀਅਮ ਦੇ ਮਾਮਲੇ ਕਈ ਵਾਰ ਜਾਂਚ ਹੋ ਚੁੱਕੀ ਹੈ ਜਿਸ ਦੀ ਰਿਪੋਰਟ ਵੀ ਅਲੱਗ-ਅਲੱਗ ਹੈ। ਸਰਕਾਰ ਵੱਲੋਂ ਯੂਰੇਨੀਅਮ ਦੇ ਸਰੋਤ ਦੀ ਜਾਂਚ ਲਈ ਬਣਾਇਆ ਕੋਰ ਗੁਰੁੱਪ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਦੀ ਮਦਦ ਨਾਲ ਧਰਤੀ ਹੇਠਲੇ ਪਾਣੀ ਵਿਚ ਆਈ ਯੂਰੇਨੀਅਮ ਦੀ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਮਾਤਰਾ ਦੀ ਪੁਸ਼ਟੀ ਕਰ ਚੁੱਕਾ ਹੈ।