ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 3 ਅਪ੍ਰੈਲ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚਾਵਾ 'ਚ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਤਿੰਨ ਪਰਵਾਸੀ ਮਜ਼ਦੂਰਾਂ ਦੇ ਦਿਮਾਗ਼ ਨੂੰ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਏ। ਪਿੰਡ ਦੇ ਲੋਕਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸੀਵਰੇਜ 'ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਇਕ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਿਵਲ ਹਸਪਤਾਲ 'ਚ ਜਾਣਕਾਰੀ ਦਿੰਦਿਆਂ ਨੀਰੂ ਵਾਸੀ ਜ਼ਿਲ੍ਹਾ ਭਰਤਪੁਰ (ਰਾਜਸਥਾਨ) ਨੇ ਦੱਸਿਆ ਕਿ ਉਹ ਪਿੰਡ 'ਚ ਸਫ਼ਾਈ ਦਾ ਕੰਮ ਕਰਦੇ ਹਨ। ਉਸ ਨੇ ਦੱਸਿਆ ਕਿ ਬੁੱਧਵਾਰ ਨੂੰ ਉਸਦਾ ਪਤੀ ਕਨ੍ਹਈਆ ਪਿੰਡ 'ਚ ਸੀਵਰੇਜ ਦੀ ਸਫਾਈ ਕਰ ਰਿਹਾ ਸੀ। ਇਸ ਦੌਰਾਨ ਦਿਮਾਗ਼ ਨੂੰ ਗੈਸ ਚੜ੍ਹਨ ਕਾਰਨ ਉਹ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਜਦੋਂ ਉਸ ਦਾ ਭਾਣਜਾ ਨੈਵੀ ਤੇ ਭਰਾ ਮੋਨੂੰ ਵੀ ਉਸ ਦੇ ਪਤੀ ਕਨ੍ਹਈਆ ਨੂੰ ਬਚਾਉਣ ਸੀਵਰੇਜ ਅੰਦਰ ਵੜ ਗਏ ਤੇ ਉਹ ਦੋਵੇਂ ਵੀ ਬੇਹੋਸ਼ ਹੋ ਗਏ। ਜਦੋਂ ਉਸ ਨੇ ਰੌਲਾ ਪਾਇਆ ਤਾਂ ਪਿੰਡ ਦੇ ਲੋਕ ਇਕੱਠੇ ਹੋਏ ਤੇ ਕਿਸੇ ਤਰ੍ਹਾਂ ਤਿੰਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਇਲਾਜ ਦੌਰਾਨ ਉਸ ਦੇ ਪਤੀ ਕਨ੍ਹਈਆ ਦੀ ਮੌਤ ਹੋ ਗਈ ਜਦਕਿ ਭਾਣਜੇ ਨੈਵੀ ਦੀ ਹਾਲਤ ਗੰਭੀਰ ਹੈ।