ਬੀਬੀਐਨ ਨੈਟਵਰਕ ਪੰਜਾਬ,ਜਲੰਧਰ ਬਿਊਰੋ, 4 ਅਪ੍ਰੈਲ
ਘਰ ਦੀ ਗਰੀਬੀ ਚੁੱਕਣ ਲਈ 22 ਸਾਲਾਂ ਨੌਜਵਾਨ ਅਰਸ਼ਦੀਪ ਸਿੰਘ ਜੋ ਪਿਛਲੇ 10 ਮਹੀਨਿਆਂ ਤੋਂ ਮੋਰੱਕੋ ਵਿੱਚ ਫਸਿਆ ਹੋਇਆ ਸੀ, ਉਸਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋ ਗਈ ਹੈ। ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਆਪਣੇ 12ਵੀਂ ਪਾਸ ਪੁੱਤਰ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੇ ਹੋਰ ਸਾਕ ਸੰਬੰਧੀਆਂ ਕੋਲੋਂ 13 ਲੱਖ ਰੁਪਏ ਇਕੱਠੇ ਕਰ ਕੇ ਪਿੰਡ ਪੰਮਣਾ ਦੇ ਰਹਿਣ ਵਾਲੇ ਟਰੈਵਲ ਏਜੰਟ ਨੂੰ ਦਿੱਤੇ ਸੀ। ਅਰਸ਼ਦੀਪ ਨੇ ਦੱਸਿਆ ਕਿ ਉਹ ਜੂਨ 2023 ਨੂੰ ਜੈਪੁਰ ਤੋਂ ਸਪੇਨ ਲਈ ਜਹਾਜ਼ੇ ਚੜ੍ਹਿਆ ਸੀ ਪਰ ਟਰੈਵਲ ਏਜੰਟ ਨੇ ਉਹਨਾਂ ਨੂੰ ਮੋਰੱਕੋ ਵਿੱਚ ਲਿਜਾ ਕੇ ਫਸਾ ਦਿੱਤਾ। ਉਸਨੇ ਦੱਸਿਆ ਕਿ ਉਹਨਾਂ ਕੋਲ ਜਿਹੜੇ ਪੈਸੇ ਸੀ ਉਹ ਹੋਟਲ ਦੇ ਕਿਰਾਏ ਵਿੱਚ ਅਤੇ ਖਾਣੇ ’ਤੇ ਖਰਚੇ ਗਏ। ਉਹ ਆਪਣੇ ਘਰ ਤੋਂ ਹਰ ਹਫਤੇ 15 ਤੋਂ 20 ਹਜ਼ਾਰ ਰੁਪਏ ਮੰਗਵਾ ਕਿ ਉੱਥੇ ਗੁਜ਼ਾਰਾ ਕਰ ਰਿਹਾ ਸੀ। ਜਦਕਿ ਟਰੈਵਲ ਏਜੰਟ ਉਹਨਾਂ ਨੂੰ ਰੋਜ਼ਾਨਾ ਹੀ ਸਪੇਨ ਭੇਜਣ ਦੇ ਲਾਰੇ ਲਾਉਂਦਾ ਰਿਹਾ ਹੈ। ਮੋਰੱਕੋ ਵਿੱਚ ਰਹਿਣਾ ਉਹਨਾਂ ਲਈ ਔਖਾ ਹੋ ਗਿਆ ਸੀ ਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਹੀ ਉਹਨਾਂ ਦਾ 7 ਲੱਖ ਦੇ ਕਰੀਬ ਬਣ ਚੁੱਕਾ ਸੀ। ਅਰਸ਼ਦੀਪ ਨੇ ਦੱਸਿਆ ਕਿ ਉਸਦੇ ਨਾਲ ਹੋਰ ਮੁੰਡੇ ਵੀ ਸਨ ਜਿਹਨਾਂ ਫੇਸਬੁੱਕ ਦੇ ਮਾਧਿਅਮ ਰਾਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਆਪਣੀ ਸਾਰੀ ਹੱਡਬੀਤੀ ਸੁਣਾਈ। ਜਿਸ ਤੋਂ ਬਾਅਦ ਉਸਦੇ ਪਿਤਾ ਨਿਰਮਲ ਸਿੰਘ ਪਿੰਡ ਦੇ ਹੋਰ ਮੋਹਤਬਾਰ ਬੰਦਿਆਂ ਨੂੰ ਨਾਲ ਲੈ ਕੇ ਨਿਰਮਲ ਕੁਟੀਆ ਵਿਖੇ 19 ਮਾਰਚ ਨੂੰ ਸੰਤ ਸੀਚੇਵਾਲ ਨੂੰ ਮਿਲੇ ਸਨ। ਉਹਨਾਂ ਵੱਲੋਂ ਉਸੇ ਵੇਲੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕਿ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਮੋਰੱਕੋ ਵਿਚਲੀ ਭਾਰਤੀ ਅੰਬੈਸੀ ਨੇ ਉਹਨਾਂ ਨਾਲ ਸੰਪਰਕ ਕਰ ਕੇ ਉਹਨਾਂ ਦੀ ਘਰ ਵਾਪਸੀ ਯਕੀਨੀ ਬਣਾਈ ਤੇ ਉਹ ਆਪਣੇ ਘਰ 28 ਮਾਰਚ ਨੂੰ ਸਹੀ ਸਲਾਮਤ ਪਹੁੰਚ ਗਏ ਸਨ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ 10 ਹੋਰ ਪੰਜਾਬੀ ਵੀ ਵਾਪਸ ਆਉਣ ਵਿੱਚ ਕਾਮਯਾਬ ਰਹੇ। ਅਰਸ਼ਦੀਪ ਨੇ ਇਹ ਦਾਅਵਾ ਕੀਤਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਦੇ ਭਰਮ ਜਾਲ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਸੀ।