ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 06 ਅਪ੍ਰੈਲ
ਅਸਾਮ ਦੀ ਡਿਬਰੂਗੜ੍ਹ ਜੇਲ ਵਿਚ ਬੰਦ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਅੰਦਰ ਚੇਤਨਾ ਪੈਦਾ ਕਰਨ ਲਈ 8 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਚੇਤਨਾ ਮਾਰਚ ਕੀਤਾ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਵਿਚਾਰ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪੰਥਕ ਵਕੀਲ ਭਗਵੰਤ ਸਿੰਘ ਸਿਅਲਕਾ ਨੇ ਦਸਿਆ ਕਿ ਪਰਿਵਾਰਾਂ ਦੇ ਮੈਂਬਰਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬੰਦੀ ਸਿੱਖਾਂ ਦੇ ਮਾਮਲੇ ’ਤੇ ਜਥੇਦਾਰ ਨਾਲ ਵਿਚਾਰਾਂ ਹੋਈਆਂ। ਇਸ ਮੌਕੇ ਐਡਵੋਕੇਟ ਸਿਆਲਕਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ’ਤੇ ਲਗਾਈ ਅੱੈਨਐੱਸਏ ਪੂਰੀ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ। ਪਰਿਵਾਰ ਵੱਲੋਂ ਬੁਲਾਏ ਪੰਥਕ ਇਕੱਠ ਵਿਚ ਫੈਸਲਾ ਲਿਆ ਸੀ ਕਿ ਜੇ ਸਰਕਾਰ ਇਨ੍ਹਾਂ ਸਿੱਖਾਂ ਦੀ ਪੰਜਾਬ ਤਬਦੀਲੀ ਦੀ ਗੱਲ ਨੂੰ ਨਹੀਂ ਮੰਨਦੀ ਤਾਂ ਪੰਜਾਬ ਦੇ ਲੋਕਾਂ ਵਿਚ ਚੇਤਨਾ ਪੈਦਾ ਕਰਨ ਲਈ ਚੇਤਨਾ ਮਾਰਚ ਆਰੰਭ ਕੀਤਾ ਜਾਵੇ। ਪੰਜਾਬ ਸਰਕਾਰ ਦੀ ਭਾਰੀ ਭੁੱਲ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣਾਈ ਕਮੇਟੀ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ। ਬੰਦੀਆਂ ਦੀ ਰਿਹਾਈ ਲਈ ਅਸੀਂ ਸਰਕਾਰ ਨਾਲ ਗੱਲ ਕਰ ਕੇ ਰਾਹ ਕੱਢਣਾ ਸੀ। ਸਰਕਾਰ ਉਸ ਪਾਸੇ ਆਈ ਹੀ ਨਹੀਂ, ਉਲਟ ਐੱਨਐੱਸਏ ਵਧਾ ਦਿੱਤਾ। ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ਵਿਚ ਚਣੌਤੀ ਦਿਆਂਗੇ। ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਕਿਹਾ ਕਿ ਜਥੇਦਾਰ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਪਰਿਵਾਰਾਂ ਨਾਲ ਖੜੇ੍ਹ ਹਾਂ। ਜਥੇਦਾਰ ਦੇ ਹੁਕਮ ਮੁਤਾਬਕ ਅਸੀ ਖ਼ਾਲਸਾ ਸਾਜਨਾ ਪੁਰਬ ਤੋਂ ਪਹਿਲਾਂ ਚੇਤਨਾ ਮਾਰਚ ਕਢਣ ਜਾ ਰਹੇ ਹਾਂ। ਇਸ ਮੋਕੇ ਤਰਸੇਮ ਸਿੰਘ, ਸੁਖਚੈਨ ਸਿੰਘ, ਬੀਬੀ ਮਨਧੀਰ ਕੌਰ, ਬੀਬੀ ਸਿਮਰਜੀਤ ਕੌਰ ਆਦਿ ਮੌਜੂਦ ਸਨ।