ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 06 ਅਪ੍ਰੈਲ
ਬੇਖੌਫ ਬਦਮਾਸ਼ਾਂ ਨੇ ਸੁੰਦਰ ਨਗਰ ਸਥਿਤ ਐਚਡੀਐਫਸੀ ਬੈਂਕ ਦੇ ਅੰਦਰੋਂ 3 ਲੱਖ 80 ਹਜਾਰ ਰੁਪਏ ਦੀ ਰਕਮ ਚੋਰੀ ਕਰ ਲਈ l ਵਾਰਦਾਤ ਦੀਆਂ ਤਸਵੀਰਾਂ ਬੈਂਕ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ l ਇਸ ਮਾਮਲੇ ਵਿੱਚ ਥਾਣਾ ਦਰੇਸੀ ਦੀ ਪੁਲਿਸ ਨੇ ਨਿਊ ਆਜ਼ਾਦ ਨਗਰ ਦੇ ਰਹਿਣ ਵਾਲੇ ਰਾਜਪਾਲ ਚੌਧਰੀ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ l ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਾਜਪਾਲ ਚੌਧਰੀ ਨੇ ਦੱਸਿਆ ਕਿ ਉਹ ਬਹਾਦਰ ਕੇ ਰੋਡ ਤੇ ਪੈਂਦੀ ਟੂਡਰ ਨੀਟਿੰਗ ਵਰਕਸ ਹੌਜਰੀ ਵਿੱਚ ਬਤੌਰ ਮਾਰਕੀਟਿੰਗ ਮੈਨੇਜਰ ਕੰਮ ਕਰਦਾ ਹੈ l ਬੀਤੀ ਦੁਪਹਿਰ ਉਹ ਐਚਡੀਐਫਸੀ ਬੈਂਕ ਵਿੱਚ ਕੰਪਨੀ ਦੇ 3 ਲਖ80 ਹਜਾਰ ਰੁਪਏ ਜਮ੍ਹਾਂ ਕਰਵਾਉਣ ਲਈ ਆਇਆ l ਵਾਊਚਰ ਭਰਨ ਲਈ ਉਸਨੇ ਕੈਸ਼ ਵਾਲਾ ਬੈਗ ਕੁਰਸੀ ਤੇ ਰੱਖ ਦਿੱਤਾ l ਤਕਰੀਬਨ 15 ਮਿੰਟ ਬਾਅਦ ਜਦ ਉਸਨੇ ਝਾਤੀ ਮਾਰੀ ਤਾਂ ਬੈਗ ਵਿੱਚੋਂ ਰਕਮ ਚੋਰੀ ਹੋ ਚੁੱਕੀ ਸੀ l ਪੈਸਾ ਚੋਰੀ ਹੋਣ ਦੀ ਗੱਲ ਸਾਹਮਣੇ ਆਉਂਦੇ ਹੀ ਬੈਂਕ ਵਿੱਚ ਹਾਹਾਕਾਰ ਮੱਚ ਗਈ l ਬੈਂਕ ਮੈਨੇਜਰ ਅਤੇ ਸੁਰੱਖਿਆ ਕਰਮੀਆਂ ਸਮੇਤ ਬੈਂਕ ਦੇ ਤਮਾਮ ਸਟਾਫ ਨੇ ਆਪਣੇ ਜਰੀਏ ਜਾਂਚ ਸ਼ੁਰੂ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ l ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਪੜਤਾਲ ਕਰਨ ਤੇ ਸਾਹਮਣੇ ਆਇਆ ਕਿ ਦੋ ਵਿਅਕਤੀ ਬੈਂਕ ਦੇ ਬਾਹਰ ਆਟੋ ਵਿੱਚੋਂ ਉਤਰੇl ਅੰਦਰ ਦਾਖਲ ਹੋਣ ਦੇ ਕੁਝ ਸਮੇਂ ਬਾਅਦ ਉਹ ਕੁਰਸੀ ਦੇ ਕੋਲ ਪਏ ਬੈਗ ਦੇ ਲਾਗੇ ਆ ਗਏ l ਮੁਲਜ਼ਮਾਂ ਨੇ ਬੜੀ ਹੀ ਸਫਾਈ ਨਾਲ ਬੈਗ ਤੋਂ ਰਕਮ ਕੱਢੀ ਅਤੇ ਰਫੂ ਚੱਕਰ ਹੋ ਗਏ l ਉਧਰੋਂ ਇਸ ਮਾਮਲੇ ਵਿੱਚ ਥਾਣਾ ਦਰੇਸ਼ੀ ਦੀ ਪੁਲਿਸ ਨੇ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ l