ਬੀਬੀਐਨ ਨੈਟਵਰਕ ਪੰਜਾਬ, ਹੁਸ਼ਿਆਰਪੁਰ ਬਿਊਰੋ, 06 ਅਪ੍ਰੈਲ
ਗੜ੍ਹਸ਼ੰਕਰ-ਨੰਗਲ ਰੋਡ 'ਤੇ ਸਥਿਤ ਪਿੰਡ ਗੜ੍ਹੀ ਲਾਗੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ (19) ਵਾਸੀ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਆਪਣੇ ਚਾਚੇ ਦੇ ਲੜਕੇ ਨਰਿੰਦਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਸ਼ਾਹਪੁਰ ਥਾਣਾ ਗੜ੍ਹਸ਼ੰਕਰ ਨਾਲ ਆਪਣੇ ਪਿੰਡ ਵੱਲ ਜਾ ਰਿਹਾ ਸੀ। ਜਦ ਉਹ ਪਿੰਡ ਗੜ੍ਹੀ ਲਾਗੇ ਪਹੁੰਚੇ ਤਾਂ ਕਿਸੇ ਵਾਹਨ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ ਜਿੱਥੇ ਹਰਮਨਜੀਤ ਸਿੰਘ ਦੀ ਮੌਤ ਹੋ ਗਈ। ਨਰਿੰਦਰਜੀਤ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਹਰਮਨਜੀਤ ਸਿੰਘ ਗੜ੍ਹਸ਼ੰਕਰ ਦੇ ਨਿੱਜੀ ਹਸਪਤਾਲ 'ਚ ਨੌਕਰੀ ਕਰਦਾ ਸੀ।