ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 07 ਅਪ੍ਰੈਲ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪੋਤੇ ਯਾਦਵਿੰਦਰ ਸੰਧੂ ਨੇ ਕੇਜਰੀਵਾਲ ਦੀ ਸਲਾਖਾਂ ਵਾਲੀ ਤਸਵੀਰ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪਿਛਲੇ ਪਾਸੇ ਬਾਬਾ ਸਾਹਿਬ ਅੰਬੇਡਕਰ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਵਿਚਕਾਰ ਕੇਜਰੀਵਾਲ ਦੀ ਸਲਾਖਾਂ ਵਾਲੀ ਤਸਵੀਰ ਦੇਖੀ ਗਈ। ਕੇਜਰੀਵਾਲ ਦੀ ਤੁਲਨਾ ਮਹਾਨ ਨੇਤਾਵਾਂ ਨਾਲ ਕੀਤੀ ਗਈ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਹੁਣ ਭਗਤ ਸਿੰਘ ਦੇ ਪੋਤੇ ਨੇ ਵੀ 'ਆਪ' 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਯਾਦਵਿੰਦਰ ਸੰਧੂ ਨੇ ਕਿਹਾ ਕਿ ਇਹ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ ਕਿ ਉਨ੍ਹਾਂ ਦੀ ਤੁਲਨਾ ਦਿੱਗਜਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਂ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਗਤੀਵਿਧੀਆਂ ਤੋਂ ਦੂਰ ਰਹਿਣ ਲਈ ਕਹਾਂਗਾ। ਸੰਧੂ ਨੇ ਕਿਹਾ ਕਿ ਭਗਤ ਸਿੰਘ ਨੇ ਦੇਸ਼ ਦੇ ਲੋਕਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ, ਇਸ ਦੇ ਉਲਟ 'ਆਪ' ਦੇ ਅਰਵਿੰਦ ਕੇਜਰੀਵਾਲ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਜੇਲ੍ਹ ਵਿਚ ਹਨ। ਜ਼ਿਕਰਯੋਗ ਹੈ ਕਿ 'ਆਪ' ਉੱਤੇ ਵੀਰਵਾਰ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਦੀ ਫੋਟੋ ਵਿਚਕਾਰ 'ਆਪ' ਨੇਤਾ ਕੇਜਰੀਵਾਲ ਦੀ ਫੋਟੋ ਲਗਾ ਕੇ ਰਾਸ਼ਟਰੀ ਨਾਇਕਾਂ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ। ਇਸ ਫੋਟੋਸ਼ਾਪ ਵਾਲੀ ਤਸਵੀਰ ਵਿਚ ਕੇਜਰੀਵਾਲ ਨੂੰ ਸਲਾਖਾਂ ਪਿੱਛੇ ਦਿਖਾਇਆ ਗਿਆ ਹੈ।