ਬੀਬੀਐਨ ਨੈਟਵਰਕ ਪੰਜਾਬ, ਕਪੂਰਥਲਾ ਬਿਊਰੋ, 06 ਅਪ੍ਰੈਲ
ਕਪੂਰਥਲਾ 'ਚ ਇਕ ਡੇਰੇ ਦੇ ਅਖੌਤੀ ਸਾਧ ਵੱਲੋਂ ਨਾਬਾਲਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਪਿਤਾ ਨੇ ਸਾਧ 'ਤੇ ਦੋਸ਼ ਲਾਇਆ ਹੈ ਕਿ ਜਦੋਂ ਉਹ ਸਾਧ ਕੋਲ ਗਏ ਤਾਂ ਉਸਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਅੰਦਰ ਭੂਤ-ਪ੍ਰੇਤ ਦਾ ਵਾਸ ਹੈ। ਭੂਤ-ਪ੍ਰੇਤ ਕੱਢਣ ਦੇ ਨਾਂ 'ਤੇ ਉਸਨੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਪਰਿਵਾਰਕ ਮੈਂਬਰਾਂ ਨੇ ਬੇਹੋਸ਼ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ। ਥਾਣਾ ਸਦਰ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜਾਂਚ ਅਧਿਕਾਰੀ ਏਐਸਆਈ ਭੁਪਿੰਦਰ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਦੇ ਜੱਗੂ ਸ਼ਾਹ ਡੇਰੇ ਦੇ ਰਹਿਣ ਵਾਲੇ 16 ਸਾਲਾ ਪੀੜਤ ਰਜਤ ਦੇ ਪਿਤਾ ਦਲੀਪ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਰਜਤ ਦਿਮਾਗ਼ੀ ਤੌਰ 'ਤੇ ਬਿਮਾਰ ਹੈ। ਕੱਲ੍ਹ ਉਸ ਦੀ ਮਾਂ ਉਸ ਨੂੰ ਤਲਵੰਡੀ ਮਹਿਮਾ ਸਥਿਤ ਇਕ ਡੇਰੇ 'ਚ ਲੈ ਗਈ। ਜਿੱਥੇ ਸਾਧ ਨੇ ਦੱਸਿਆ ਕਿ ਉਸ ਦੇ ਬੱਚੇ ਅੰਦਰ ਭੂਤ-ਪ੍ਰੇਤ ਦਾ ਵਾਸ ਹੈ। ਦਲੀਪ ਕੁਮਾਰ ਨੇ ਸਾਧ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਾਬੇ ਨੇ ਉਸ ਦੇ ਬੱਚੇ ਨੂੰ ਭੂਤ ਕੱਢਣ ਦੇ ਨਾਂ 'ਤੇ ਬੇਰਹਿਮੀ ਨਾਲ ਕੁੱਟਿਆ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਬੇਹੋਸ਼ੀ ਦੀ ਹਾਲਤ 'ਚ ਰਜਤ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਸੰਦੀਪ ਸਿੰਘ ਥਿੰਦ ਨੇ ਦੱਸਿਆ ਕਿ ਬੱਚੇ ਦਾ ਇਲਾਜ ਕੀਤਾ ਜਾ ਰਿਹਾ ਹੈ। ਥਾਣਾ ਸਦਰ ਦੇ ਐਸਐਚਓ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਮਾਮਲੇ ਦੀ ਜ਼ਿੰਮੇਵਾਰੀ ਤਫ਼ਤੀਸ਼ੀ ਅਫ਼ਸਰ ਏਐਸਆਈ ਭੁਪਿੰਦਰ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੱਚੇ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।