ਬੀਬੀਐਨ ਨੈਟਵਰਕ ਪੰਜਾਬ, ਜਲੰਧਰ ਬਿਊਰੋ, 06 ਅਪ੍ਰੈਲ
ਸ਼ਹਿਰ ’ਚ ਨੌਜਵਾਨ ਦੀ ਨਸ਼ੇ ਦੀ ਉਵਰਡੋਜ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕੰਗ ਅਰਾਈਆ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਤਲਵਣ ਰੋਡ ’ਤੇ ਆਲੂਆਂ ਦੇ ਸਟੋਰ ਨੇੜਿਓਂ ਇਕ 27-28 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪੁੱਜ ਕੇ ਦੇਖਿਆ ਤਾਂ ਲਾਸ਼ ਕੋਲ ਟੀਕਾ ਲਾਉਣ ਵਾਲੀ ਸਰਿੰਜ, ਇਕ ਮੋਬਾਇਲ ਫ਼ੋਨ , ਭੂਜੀਏ ਦਾ ਪੈਕਟ ਤੇ ਬੀੜੀਆਂ ਦਾ ਬੰਡਲ ਪਿਆ। ਫੋਨ ਰਾਹੀਂ ਹੀ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਪਰਿਵਾਰ ਨੇ ਆ ਕੇ ਪਛਾਣ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਨਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਕਾਫੀ ਸਮੇਂ ਤੋਂ ਆਪਣੇ ਨਾਨਕਿਆਂ ਘਰ ਰਹਿ ਰਿਹਾ ਸੀ। ਥਾਣੇਦਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦੀ ਗਈ ਹੈ। ਵਾਰਸਾਂ ਦੇ ਬਿਆਨਾਂ ਉਪਰਾਂਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।