ਬੀਬੀਐਨ ਨੈਟਵਰਕ ਪੰਜਾਬ, ਸ੍ਰੀ ਅੰਮ੍ਰਿਤਸਰ ਸਾਹਿਬ ਬਿਊਰੋ, 8 ਅਪ੍ਰੈਲ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਬੰਧੀ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢੇ ਜਾ ਰਹੇ ਜਾਗਰੂਕਤਾ ਮਾਰਚ ਦੇ ਸਬੰਧ ਵਿਚ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਚਾਚਾ ਸੁਖਚੈਨ ਸਿੰਘ ਨੂੰ ਪੁਲਿਸ ਨੇ ਹਵਾਈ ਅੱਡੇ ਤੋਂ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੋਵੇਂ ਕੌਮੀ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਅਤੇ ਹਰਪਾਲ ਸਿੰਘ ਬਲੇਰ ਸਾਥੀਆਂ ਸਮੇਤ ਅੰਮ੍ਰਿਤਪਾਲ ਸਿੰਘ ਦੀ ਮਾਤਾ ਦਾ ਹਾਲ-ਚਾਲ ਜਾਣਨ ਲਈ ਜਾਣ ਲੱਗੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਨਿਊ ਰਿਆਲਟੋ ਚੌਕ ਤੋਂ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ ਛੇਹਰਟਾ ਲੈ ਗਏ। ਸੰਧੂ ਤੇ ਬਲੇਰ ਤੋਂ ਇਲਾਵਾ ਜਸਬੀਰ ਸਿੰਘ ਬਚਦੇ, ਜਥੇਬੰਦਕ ਸਕੱਤਰ ਮਾਝਾ ਜ਼ੋਨ, ਅਮਰੀਕ ਸਿੰਘ ਨੰਗਲ, ਦਵਿੰਦਰ ਸਿੰਘ ਫਤਿਹਪੁਰ, ਬਲਵੰਤ ਸਿੰਘ ਗੋਪਾਲਾ, ਰਵੀਸ਼ੇਰ ਸਿੰਘ ਨੌਜਵਾਨ ਆਗੂ, ਜਸਬੀਰ ਸਿੰਘ ਵਡਾਲੀ, ਦਲਜੀਤ ਸਿੰਘ ਬਾਜਵਾ, ਰਮਨਦੀਪ ਸਿੰਘ ਮੁੰਡਾ ਪਿੰਡ, ਨਿਸ਼ਾਨ ਸਿੰਘ ਢਿੱਲੋਂ ਆਦਿ ਸ਼ਾਮਿਲ ਸਨ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਕਾਰ ਸਿੰਘ ਸੰਧੂ ਅਤੇ ਹਰਪਾਲ ਸਿੰਘ ਬਲੇਰ ਨੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਦੀ ਇਸ ਸਰਗਰਮੀ ਕਾਰਨ ਹੋਰਨਾਂ ਰਵਾਇਤੀ ਪਾਰਟੀਆਂ ਨੂੰ ਪਰੇਸ਼ਾਨੀ ਹੋਣ ਲੱਗੀ ਹੈ। ਮੌਜੂਦਾ ਸਰਕਾਰ ਵੀ ਖੁਫੀਆ ਏਜੰਸੀਆਂ ਰਾਹੀਂ ਅਕਾਲੀ ਦਲ ਅੰਮ੍ਰਿਤਸਰ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਕਿਉਂਕਿ ਇਨਸਾਫ਼ ਪ੍ਰਾਪਤ ਕਰਨਾ ਅਤੇ ਇਨਸਾਫ਼ ਲਈ ਲੜਨਾ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੱਚੇ ਸਿਪਾਹੀ ਵਜੋਂ ਪੰਥ ਲਈ ਮਰ ਮਿਟਾਂਗੇ ਅਤੇ ਉਨ੍ਹਾਂ ਲੋਕਾਂ ਲਈ ਲੜਾਂਗੇ ਜਿਨ੍ਹਾਂ ਨੇ ਪੰਥ ਲਈ ਕੁਰਬਾਨੀਆਂ ਦਿੱਤੀਆਂ।