ਬੀਬੀਐਨ ਨੈਟਵਰਕ ਪੰਜਾਬ, ਲੁਧਿਆਣਾ ਬਿਊਰੋ, 8 ਅਪ੍ਰੈਲ
ਮਹਾਨਗਰ ਦੇ ਦੁੱਗਰੀ ਚੌਕ ਇਲਾਕੇ ’ਚ ਵਾਪਰੇ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਸੀਆਰਪੀਐੱਫ ਕਾਲੋਨੀ ਦੇ ਰਹਿਣ ਵਾਲੇ ਮਨਮੀਤ ਸਿੰਘ ਵਜੋਂ ਹੋਈ ਹੈ। ਉਕਤ ਮਾਮਲੇ ’ਚ ਥਾਣਾ ਮਾਡਲ ਟਾਊਨ ਪੁਲਿਸ ਨੇ ਮ੍ਰਿਤਕ ਦੀ ਪਤਨੀ ਗੁਰਜੀਤ ਕੌਰ ਦੇ ਬਿਆਨ ਉੱਪਰ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਗੁਰਜੀਤ ਕੌਰ ਨੇ ਦੱਸਿਆ ਕਿ ਹਾਦਸੇ ਵਾਲੀ ਰਾਤ ਉਸ ਦਾ ਪਤੀ ਮਨਮੀਤ ਸਿੰਘ ਮੋਟਰਸਾਈਕਲ ’ਤੇ ਕੰਮ ਤੋਂ ਘਰ ਵੱਲ ਆ ਰਿਹਾ ਸੀ। ਇਸ ਦੌਰਾਨ ਤੜਕੇ ਕਰੀਬ ਢਾਈ ਵਜੇ ਜਦ ਉਹ ਦੁੱਗਰੀ ਚੌਕ ਲਾਈਟਾਂ ਨੇੜੇ ਪੁੱਜਾ ਤਾਂ ਕਿਸੇ ਤੇਜ਼ ਰਫ਼ਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਉਸ ਦਾ ਪਤੀ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਇਲਾਜ ਲਈ ਪੀਜੀਆਈ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ੇਰੇ ਇਲਾਜ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਮੁਤਾਬਕ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਪਰਚਾ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।