ਬੀਬੀਐਨ ਨੈਟਵਰਕ ਪੰਜਾਬ, ਚੰਡੀਗੜ੍ਹ ਬਿਊਰੋ, 09 ਅਪ੍ਰੈਲ
ਗੜ੍ਹਸ਼ੰਕਰ ਨਗਰ ਕੌਂਸਲ ਦੇ ਪ੍ਰਧਾਨ ਤਿ੍ਰੰਬਕ ਦੱਤ ਐਰੀ ਸਮੇਤ ਕਈ ਕੌਂਸਲਰ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਤੇ ਅਕਾਲੀ ਦਲ ਛੱਡਕੇ ਆਪ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕੀਤਾ। ਵਿਧਾਨ ਸਭਾ ’ਚ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਗੜ੍ਹਸ਼ੰਕਰ ਕੌਂਸਲ ਦੇ ਪ੍ਰਧਾਨ ਤ੍ਰਿਮਬਕ ਦੱਤ ਐਰੀ, ਬਲਾਕ ਸੰਮਤੀ ਚੇਅਰਪਰਸਨ ਸਰਬਜੀਤ ਕੌਰ, ਕੌਂਸਲਰ ਪਰਵੀਨ, ਸੋਮਨਾਥ ਬੰਗੜ, ਦੀਪਕ ਕੁਮਾਰ, ਹਰਪ੍ਰੀਤ ਸਿੰਘ, ਸੁਮਿਤ ਸੋਨੀ, ਅਮਰੀਕ ਸਿੰਘ, ਸਾਬਕਾ ਕੌਂਸਲਰ ਪਰਮਜੀਤ ਸਿੰਘ, ਜ਼ਲ੍ਹਿਾ ਪ੍ਰੀਸ਼ਦ ਮੈਂਬਰ ਹਰਮੇਸ਼ਵਰ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰਿੰਕਾ, ਸਰਪੰਚ ਚੱਕ ਸਿੰਘਾ ਕੁਲਦੀਪ ਸਿੰਘ, ਸਰਪੰਚ ਬਲੌਰਾਂ ਹੇਮ ਰਾਜ, ਸਰਪੰਚ ਰਾਮ ਪੁਰ ਹਰਮੇਸ਼ ਲਾਲ, ਸਾਬਕਾ ਬਲਾਕ ਸੰਮਤੀ ਮੈਂਬਰ ਡਾ ਕੇਵਲ ਰਾਮ, ਸਬਜ਼ੀ ਮੰਡੀ ਮਹਿਲਪੁਰ ਦੇ ਪ੍ਰਧਾਨ ਡਾ. ਬਲਬੀਰ ਸਿੰਘ ਢਿੱਲੋਂ, ਕਾਂਗਰਸੀ ਆਗੂ ਅਜਮੇਰ ਸਿੰਘ ਢਿੱਲੋਂ, ਮੋਹਿਤ ਸੈਲਾ ਅਤੇ ਸਾਬਕਾ ਵਿਧਾਇਕ ਉਮੀਦਵਾਰ ਜੇਕੇ ਸੈਲਾ ਨੇ ‘ਆਪ’ ਦਾ ਪੱਲ੍ਹਾ ਫੜਿਆ ਹੈ। ਇਸ ਮੌਕੇ ’ਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਗੜ੍ਹਸ਼ੰਕਰ ਹਲਕੇ ਲਈ ਅੱਜ ਅਹਿਮ ਦਿਨ ਹੈ। ਉਨ੍ਹਾਂ ਕਿਹਾ ਕਿ ਕੌਸਲ ਦੇ ਪ੍ਰਧਾਨ ਸਮੇਤ ਕੌਂਸਲਰਾਂ ਤੇ ਹੋਰ ਆਗੂਆਂ ਦਾ ’ਆਪ’ ’ਚ ਸ਼ਾਮਲ ਹੋਣਾ ਸਰਕਾਰ ਦੁਆਰਾ ਦੋ ਸਾਲਾਂ ’ਚ ਲਏ ਗਏ ਲੋਕ ਭਲਾਈ ਕੰਮਾਂ ਅਤੇ ਫੈਸਲਿਆਂ ਦਾ ਫਲ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਚੋਣ ਗਾਰੰਟੀਆਂ ਪੂਰੀਆਂ ਕੀਤੀਆਂ ਹਨ ਤੇ ਲੋਕ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਤਿੰਨ ਨਵੀਆਂ ਫਾਇਰ ਬ੍ਰਿਗੇਡ ਗੱਡੀਆਂ, ਇੱਕ ਬਾਈਪਾਸ ਮਿਲ ਗਿਆ ਹੈ ਅਤੇ 14 ਕਰੋੜ ਰੁਪਏ ਦੇ ਲੰਬੇ ਸਮੇਂ ਤੋਂ ਲਟਕ ਰਹੇ ਸੀਵਰੇਜ ਦੇ ਕੰਮ ਦਾ ਪ੍ਰਾਜੈਕਟ ਸ਼ੁਰੂ ਹੋ ਗਿਆ ਹੈ। ਹਲਕਾ ਗੜ੍ਹਸ਼ੰਕਰ ਦੇ 90% ਘਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆ ਰਿਹਾ ਹੈ ਅਤੇ ਸਕੂਲ ਆਫ਼ ਐਮੀਨੈਂਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਜਿੱਥੇ ਸਾਡੇ ਬੱਚੇ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਆਗੂਆਂ ਨੇ ਆਨੰਦਪੁਰ ਸਾਹਿਬ ਸੀਟ ਤੋਂ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।