ਬੀਬੀਐਨ ਨੈਟਵਰਕ ਪੰਜਾਬ, ਗੁਰਦਾਸਪੁਰ ਬਿਊਰੋ, 09 ਅਪ੍ਰੈਲ
ਅੱਜ ਦੇ ਮਸ਼ੀਨੀ ਯੁੱਗ ’ਚ ਮਨੁੱਖ ਦੇ ਜੀਵਨ ਵਿਚ ਵੱਡੇ ਬਦਲਾਅ ਆਉਣ ਕਾਰਨ ਜਿੱਥੇ ਕਈ ਪੁਰਾਤਨ ਚੀਜ਼ਾਂ ਨਵੀਂ ਪੀੜ੍ਹੀ ਤੋਂ ਵਿਛੜਦੀਆਂ ਜਾ ਰਹੀਆਂ ਹਨ, ਉਥੇ ਪੰਜਾਬੀ ਸੱਭਿਆਚਾਰ ਦਾ ਅੰਗ ਤੇ ਘਰਾਂ ਵਿਚ ਕਣਕ, ਚੌਲ ਤੇ ਦਾਲਾਂ ਆਦਿ ਦੇ ਪੀਹਣ ਕਰਨ (ਸਫ਼ਾਈ) ਲਈ ਵਰਤੇ ਜਾਣ ਵਾਲੇ ਕਾਨੇ ਦੇ ਛੱਜ ਬਣਾਉਣ ਵਾਲੇ ਕਾਰੀਗਰ ਦਿਨੋ-ਦਿਨ ਲੋਪ ਹੁੰਦੇ ਜਾ ਰਹੇ ਹਨ। ਤਿੰਨ ਪੀੜ੍ਹੀਆਂ ਤੋਂ ਕਾਨੇ ਦੇ ਛੱਜ ਬਣਾਉਣ ਵਾਲੇ ਕਾਰੀਗਰ ਕਾਕਾ ਪੁੱਤਰ ਸਵਰਨ ਦਾਸ ਵਾਸੀ ਕਲਾਨੌਰ ਨੇ ਦੱਸਿਆ ਕਿ ਅੱਜ ਦੇ ਮਸ਼ੀਨੀ ਤੇ ਮਹਿੰਗਾਈ ਦੇ ਯੁੱਗ ਵਿਚ ਹੱਥਾਂ ਨਾਲ ਕਾਨੇ ਦੇ ਛੱਜ ਬਣਾਉਣ ਵਾਲੇ ਕਾਰੀਗਰ ਨਾਮਾਤਰ ਹੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਤਿੰਨ ਦਹਾਕੇ ਪਹਿਲਾਂ ਜੰਗਲ, ਬੇਲਿਆ ਵਿਚ ਸਰਕੰਡਾ (ਕਾਨੇ) ਵੱਡੇ ਪੱਧਰ ’ਤੇ ਹੋਣ ਕਾਰਨ ਉਨ੍ਹਾਂ ਨੂੰ ਕਾਨੇ ਮੁਫ਼ਤ ਮਿਲਦੇ ਸਨ ਅਤੇ ਉਹਨਾਂ ਦੀਆਂ ਤੀਵੀਆਂ ਤੇ ਮਰਦ ਲਗਾਤਾਰ 12 ਮਹੀਨੇ ਹੱਥਾਂ ਨਾਲ ਛੱਜ ਤਿਆਰ ਕਰ ਕੇ ਹਾੜ੍ਹੀ ਸਾਉਣੀ (ਕਣਕ, ਝੋਨੇ) ਦੀ ਫ਼ਸਲ ਮੌਕੇ ਛੱਜਾਂ ਦੀ ਵਿਕਰੀ ਕਰਦੇ ਸਨ। ਉਸ ਨੇ ਦੱਸਿਆ ਕਿ 1990 ਵਿਚ ਉਹ 20 ਰੁਪਏ ਦਾ ਛੱਜ ਵੇਚਦੇ ਸੀ ਜਦਕਿ ਇਸ ਸਮੇਂ 200 ਤੋਂ 250 ਪ੍ਰਤੀ ਛੱਜ ਵੇਚਿਆ ਜਾ ਰਿਹਾ ਹੈ। ਜਿੱਥੇ ਹੁਣ ਜ਼ਮੀਨਾਂ ਵਾਹੀਯੋਗ ਹੋਣ ਕਾਰਨ ਜੰਗਲ ਬੇਲੇ ਵਾਹੇ ਜਾਣ ’ਤੇ ਸਰਕੰਡਾ ਘੱਟ ਹੋਣ ਅਤੇ ਬਦਲੇ ਜ਼ਮਾਨੇ ਦੌਰਾਨ ਕਾਨੇ ਦੇ ਬੈਠਣ ਲਈ ਮੂੜ੍ਹੇ, ਕੁਰਸੀਆਂ, ਚਿੱਕਾਂ, ਆਤਿਸ਼ਬਾਜ਼ੀ ਲਈ ਹਵਾਈਆਂ, ਛਿਰਕੀਆਂ ਤੇ ਕਾਗ਼ਜ਼, ਗੱਤਾ ਬਣਾਉਣ ਕਾਰਨ ਕਾਨਿਆਂ ਦੀ ਮੰਗ ਵਧੀ ਹੈ। ਪਿਛਲੇ ਸਮੇਂ ਦੌਰਾਨ ਮੁਫ਼ਤ ਮਿਲਣ ਵਾਲਾ ਕਾਨਾ ਇਸ ਵੇਲੇ ਪ੍ਰਤੀ ਕਾਨਾ ਇਕ ਰੁਪਏ ਵਿਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਨਵੇਂ ਯੁਗ ਦੀਆਂ ਔਰਤਾਂ ਵੱਲੋਂ ਛੱਜਾਂ ਨਾਲ ਕਣਕ ਦਾ ਪੀਹਣ ਕਰਨ ਦੀ ਬਜਾਏ ਮਸ਼ੀਨਾਂ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਕਾਰਨ ਛੱਜਾਂ ਦੀ ਵਿਕਰੀ ਵਿਚ ਗਿਰਾਵਟ ਆਈ ਹੈ ਪ੍ਰੰਤੂ ਅਜੇ ਵੀ ਵਡੇਰੀ ਉਮਰ ਵਾਲੀਆਂ ਤੀਵੀਆਂ ਛੱਜ ਦੀ ਖ਼ਰੀਦੋ ਫਰੋਖ਼ਤ ਨੂੰ ਪਹਿਲ ਦਿੰਦੀਆਂ ਹਨ। ਇਸ ਮੌਕੇ ਘਰੇਲੂ ਕੰਮਕਾਜ ਕਰਨ ਵਾਲੀ ਮਹਿਲਾ ਪ੍ਰਕਾਸ਼ ਕੌਰ, ਸੁਵਿੰਦਰ ਕੌਰ, ਪਰਮਜੀਤ ਕੌਰ, ਅਮਰਜੀਤ ਕੌਰ ਨੇ ਦੱਸਿਆ ਕਿ ਅੱਜ ਦੀਆਂ ਲੜਕੀਆਂ ਵੱਲੋਂ ਜਿੱਥੇ ਛੱਜ ਨੂੰ ਗਿੱਧਿਆਂ ਤੇ ਜਾਗੋ ਵੇਲੇ ਹੀ ਹੱਥਾਂ ਵਿਚ ਫੜਿਆ ਜਾਂਦਾ ਹੈ ਉਥੇ ਉਹਨਾਂ ਵੱਲੋਂ ਆਪਣੇ ਜੀਵਨ ਵਿਚ ਕਣਕ ਦਾ ਪੀਹਣ ਕਰਨ ਤੋਂ ਇਲਾਵਾ ਚੌਲ, ਦਾਲਾਂ ਆਦਿ ਛੱਟਣ ਲਈ ਛੱਜ ਵੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਉਹ ਜਵਾਨੀ ਵਿਚ ਮਣਾਂ ਮੂੰਹੀਂ ਕਣਕ ਦਾ ਪੀਹਣ ਕਰ ਲੈਂਦੀਆਂ ਸਨ ਤੇ ਸਿਹਤ ਪੱਖੋਂ ਵੀ ਤੰਦਰੁਸਤ ਰਹਿੰਦੀਆਂ ਸਨ ਪਰੰਤੂ ਹੁਣ ਦੀਆਂ ਤੀਵੀਆਂ ਪੀਹਣ ਕਰਨਾ ਵੀ ਭੁੱਲ ਚੁੱਕੀਆਂ ਹਨ।